ਊਨਾ, 9 ਫ਼ਰਵਰੀ : ਹਿਮਾਚਲ ਪ੍ਰਦੇਸ਼ ‘ਚ ਊਨਾ ਜ਼ਿਲ੍ਹੇ ਦੀ ਅੰਬ ਸਬ-ਡਿਵੀਜ਼ਨ ਵਿੱਚ ਬੁੱਧਵਾਰ ਰਾਤ ਨੂੰ ਅੱਗ ਲੱਗਣ ਦੀ ਘਟਨਾ ਵਿੱਚ ਇੱਕ ਬੱਚੀ ਸਮੇਤ ਚਾਰ ਬੱਚੇ ਜ਼ਿੰਦਾ ਜਲ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣੇ ਦੇ ਅਧਿਕਾਰੀ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਭਦੇਸ਼ਵਰ ਦਾਸ ਅਤੇ ਰਮੇਸ਼ ਦਾਸ ਦੀਆਂ ਝੁੱਗੀਆਂ 'ਚ ਬੁੱਧਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ 'ਚ 4 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਰਮੇਸ਼ ਦਾਸ ਦੇ ਤਿੰਨ ਬੱਚੇ ਨੀਤੂ (14), ਗੋਲੂ ਕੁਮਾਰ (7), ਸ਼ਿਵਮ ਕੁਮਾਰ (6) ਅਤੇ ਉਸਦੇ ਰਿਸ਼ਤੇਦਾਰ ਕਾਲੀਦਾਸ ਦਾ ਪੁੱਤਰ ਸੋਨੂੰ ਕੁਮਾਰ (17) ਸ਼ਾਮਲ ਹਨ। ਜੋ ਹਾਦਸੇ ਸਮੇਂ ਰਮੇਸ਼ ਦਾਸ ਦੀ ਝੌਂਪੜੀ ਵਿੱਚ ਸੌਂ ਰਿਹਾ ਸੀ। ਇਸ ਅੱਗ 'ਚ ਕਰੀਬ 30 ਹਜ਼ਾਰ ਰੁਪਏ ਵੀ ਸੜ ਕੇ ਸੁਆਹ ਹੋ ਗਏ।ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਅੰਬ ਤੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਦੁਖਦਾਈ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਲਈ ਕਿਹਾ ਹੈ।