ਬਾਰਪੇਟਾ, 24 ਜਨਵਰੀ : ਗੁਹਾਟੀ ਪੁਲੀਸ ਵੱਲੋਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਾਂਗਰਸੀ ਨੇਤਾ ਨੇ ਅੱਜ ਭਾਜਪਾ ਸ਼ਾਸਤ ਸੂਬੇ ਨੂੰ ਚੁਣੌਤੀ ਦਿੱਤੀ ਕਿ ਜਿੰਨਾ ਹੋ ਸਕੇ ਉਹ ਉੰਨੇ ਮਾਮਲੇ ਦਰਜ ਕਰੇ ਉਹ ਫੇਰ ਵੀ ਨਹੀਂ ਡਰਨਗੇ। ਬਾਰਪੇਟਾ ਜ਼ਿਲ੍ਹੇ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਸੱਤਵੇਂ ਦਿਨ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਕਾਂਗਰਸ ਆਗੂ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ਜ਼ਮੀਨ ਅਤੇ ਸੁਪਾਰੀ ਨਾਲ ਸਬੰਧਤ ਕਈ ਦੋਸ਼ ਲਾਏ ਅਤੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ‘ ਭ੍ਰਿਸ਼ਟ ਮੁੱਖ ਮੰਤਰੀ’ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਹਿਮੰਤਾ ਬਿਸਵਾ ਸ਼ਰਮਾ ਨੂੰ ਇਹ ਵਿਚਾਰ ਕਿਵੇਂ ਆਇਆ ਕਿ ਉਹ ਕੇਸ ਦਰਜ ਕਰ ਕੇ ਮੈਨੂੰ ਡਰਾ ਸਕਦੇ ਹਨ। ਜਿੰਨੇ ਮਰਜ਼ੀ ਦਾਇਰ ਕਰੋ। 25 ਹੋਰ ਕੇਸ ਦਾਇਰ ਕਰੋ ਤੁਸੀਂ ਮੈਨੂੰ ਡਰਾ ਨਹੀਂ ਸਕਦੇ। ਭਾਜਪਾ-ਆਰ.ਐਸ.ਐਸ. (ਕੌਮੀ ਸਵੈਮਸੇਵਕ ਸੰਘ) ਮੈਨੂੰ ਡਰਾ ਨਹੀਂ ਸਕਦੇ।’’ ਧੁਬਰੀ ’ਚ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਹਿਮੰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਤਿ ਸ਼ਾਹ ਵੱਲੋਂ ‘ਰਿਮੋਟ-ਕੰਟਰੋਲ’ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰਉਹ ਅਸਾਮ ਦੇ ਹਿੱਤ ਦੀ ਗੱਲ ਕਰਨਗੇ ਤਾਂ ਉਨ੍ਹਾਂ ਨੂੰ ‘ਬਾਹਰ ਕਰ’ ਦਿਤਾ ਜਾਵੇਗਾ। ਗੁਹਾਟੀ ਪੁਲਿਸ ਨੇ ਮੰਗਲਵਾਰ ਨੂੰ ਸੂਬੇ ਦੀ ਰਾਜਧਾਨੀ ’ਚ ਹਿੰਸਾ ਦੀਆਂ ਕਾਰਵਾਈਆਂ ਲਈ ਗਾਂਧੀ ਅਤੇ ਹੋਰ ਨੇਤਾਵਾਂ ਵਿਰੁਧ ਖੁਦ ਨੋਟਿਸ ਲੈਂਦਿਆਂ ਐਫ.ਆਈ.ਆਰ. ਦਰਜ ਕੀਤੀ ਸੀ। ਰਾਹੁਲ ਨੇ ਕਿਹਾ, ‘‘ਮੈਂ ਨਰਿੰਦਰ ਮੋਦੀ ਦੇ ਖਾਸ ਦੋਸਤ (ਗੌਤਮ) ਅਡਾਨੀ ਦੇ ਵਿਰੁਧ ਭਾਸ਼ਣ ਦਿਤਾ ਸੀ ਅਤੇ ਮੇਰੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਫਿਰ ਮੈਨੂੰ ਸੰਸਦ ਤੋਂ ਬਾਹਰ ਕੱਢ ਦਿਤਾ ਗਿਆ ਅਤੇ ਮੇਰੀ ਸਰਕਾਰੀ ਰਿਹਾਇਸ਼ ਖੋਹ ਲਈ ਗਈ। ਮੈਂ ਖੁਦ ਸਰਕਾਰੀ ਘਰ ਦੀਆਂ ਚਾਬੀਆਂ ਦਿਤੀਆਂ, ਮੈਨੂੰ ਇਹ ਨਹੀਂ ਚਾਹੀਦੀ।’’ ਸਰੋਤਿਆਂ ਦੀਆਂ ਤਾੜੀਆਂ ਦੀ ਗੜਬੜ ਦਰਮਿਆਨ ਗਾਂਧੀ ਨੇ ਕਿਹਾ, ‘‘ਮੇਰਾ ਘਰ ਹਰ ਭਾਰਤੀ ਦੇ ਦਿਲ ’ਚ ਹੈ, ਮੈਂ ਉਨ੍ਹਾਂ ਦੇ ਦਿਲ ’ਚ ਰਹਿੰਦਾ ਹਾਂ। ਅਸਾਮ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਹੋਰ ਸਾਰੇ ਸੂਬਿਆਂ ’ਚ ਮੇਰੇ ਲੱਖਾਂ ਘਰ ਹਨ। ਬਿਸ਼ਨੂਪੁਰ ’ਚ ਰਾਤ ਬਿਤਾਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਅਸਾਮ ’ਚ ਅਪਣੇ ਦੌਰੇ ਦੇ ਸੱਤਵੇਂ ਦਿਨ ਦੀ ਸ਼ੁਰੂਆਤ ਬਾਰਪੇਟਾ ਕਸਬੇ ਤੋਂ ਨਵੇਂ ਬੱਸ ਸਟੈਂਡ ਤਕ ਰੋਡ ਸ਼ੋਅ ਨਾਲ ਕੀਤੀ। ਚਾਰ ਪਹੀਆ ਗੱਡੀ ’ਤੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚੇ ਰਾਹੁਲ ਗਾਂਧੀ ਨੇ ਉੱਥੇ ਲੋਕਾਂ ਨੂੰ ਸੰਬੋਧਨ ਕੀਤਾ। ਉਸ ਨੂੰ ਸਪੋਰਟਸ ਯੂਟਿਲਿਟੀ ਵਹੀਕਲ (ਐਸ.ਯੂ.ਵੀ.) ਦੀ ਛੱਤ ’ਤੇ ਬੈਠੇ ਵੇਖਿਆ ਗਿਆ। ਕਾਂਗਰਸ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ.) ਵਰਗੀਆਂ ਹੋਰ ਪਾਰਟੀਆਂ ਦੇ ਕਾਰਕੁਨਾਂ ਨਾਲ ਗੱਡੀ ‘ਭਾਰਤ ਜੋੜੋ ਨਿਆਂ ਯਾਤਰਾ’ (ਬੀ.ਜੇ.ਐਨ.ਵਾਈ.) ਕੌਮੀ ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਭੀੜ ਦੇ ਵਿਚਕਾਰ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਹੌਲੀ-ਹੌਲੀ ਚੱਲ ਰਹੀ ਸੀ। ਗਾਂਧੀ ਨੇ ਬੱਚਿਆਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਗਮੋਚਾ (ਅਸਾਮੀ ਗਮਚਾ) ਤੋਹਫ਼ੇ ਵਜੋਂ ਦਿਤਾ। ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਅਸਾਮ ’ਚ ਭ੍ਰਿਸ਼ਟਾਚਾਰ ਲਗਾਤਾਰ ਜਾਰੀ ਹੈ। ਉਨ੍ਹਾਂ ਸ਼ਰਮਾ ਨੂੰ ਦੇਸ਼ ਦਾ ਸੱਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਦਸਿਆ। ਉਨ੍ਹਾਂ ਕਿਹਾ, ‘‘ਤਰੁਣ ਗੋਗੋਈ ਮੁੱਖ ਮੰਤਰੀ ਵੀ ਸਨ ਪਰ ਉਨ੍ਹਾਂ ਨੇ ਉਹ ਕੀਤਾ ਜੋ ਅਸਾਮ ਚਾਹੁੰਦਾ ਸੀ। ਤਰੁਣ ਗੋਗੋਈ ਮੇਰੇ ਗੁਰੂ ਸਨ ਪਰ ਮੈਂ ਕਦੇ ਨਹੀਂ ਕਿਹਾ ਕਿ ਉਨ੍ਹਾਂ ਨੂੰ ਕੀ ਕਰਨਾ ਹੈ।’’