ਮੁਜ਼ੱਫਰਨਗਰ, 09 ਮਾਰਚ : ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਪਰਿਵਾਰ ਨੁੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਨੂੰ ਧਮਕੀ ਫੋਨ ਤੇ ਮਿਲੀ ਹੈ, ਜਿਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਧਮਕੀ ਮਿਲਣ ਦੇ ਮਾਮਲੇ ‘ਚ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਰਾਕੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਵੱਲੋਂ ਮੁੱਜ਼ਫਰਨਗਰ ਦੇ ਭੌਰਕਲਾਂ ਥਾਣਾ ਦੇ ਪ੍ਰਧਾਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਗੌਰਵ ਨੇ ਪੱਤਰ ਵਿੱਚ ਲਿਖਿਆ ਹੈ ਕਿ ਬੁੱਧਵਾਰ ਦੀ ਰਾਤ ਕਰੀਬ 9:15 ਤੋਂ 10 ਵਜੇ ਤੱਕ ਉਸਦੇ ਮੋਬਾਇਲ ਨੰਬਰ ਤੇ ਕਈ ਫੋਨ ਆਏ, ਜਿਸ ਨੇ ਪੂਰੇ ਟਿਕੈਤ ਪਰਿਵਾਰ ਨੂੰ ਮਾਰਨ ਧਮਕੀ ਦਿੱਤੀ ਗਈ। ਗੌਰਵ ਟਿਕੈਤ ਨੇ ਇਹ ਵੀ ਲਿਖਿਆ ਕਿ ਧਮਕੀ ਦੇਣ ਵਾਲੇ ਨੇ ਉਸ ਨੁੰ ਮੈਸੇਜ ਕਰਕੇ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ਲਿਖਿਆ ਹੈ ਕਿ ਅਸੀਂ ਪਿਛਲੇ 36 ਸਾਲਾਂ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ। ਅੰਦੋਲਨ ਦੇ ਸਮੇਂ ਵੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੂੰ ਧਮਕੀ ਭਰੇ ਫੋਨ ਆਏ ਸਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਦਿੱਤੀ ਗਈ ਧਮਕੀ ਨੂੰ ਲੈ ਕੇ ਕੌਸ਼ਾਂਬੀ ਜ਼ਿਲ੍ਹੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇੱਕ ਹੋਰ ਮਾਮਲੇ ਵਿੱਚ, ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਮੁਜ਼ੱਫਰਨਗਰ ਵਿੱਚ ਇੱਕ ਅਣਪਛਾਤੇ ਕਾਲ ਤੋਂ ਦੁਬਾਰਾ ਧਮਕੀ ਮਿਲੀ। ਇਸ ਸਬੰਧੀ ਸੂਚਨਾ ਥਾਣਾ ਸਿਵਲ ਲਾਈਨ ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਦਿੱਤੀ ਗਈ। ਹੁਣ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਦੇ ਮੋਬਾਈਲ ਫੋਨ 'ਤੇ ਧਮਕੀ ਦਿੱਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਤੁਸੀਂ ਦਿੱਲੀ ਵਿੱਚ ਅੰਦੋਲਨ ਕੀਤਾ ਸੀ, ਤੁਸੀਂ ਠੀਕ ਨਹੀਂ ਕੀਤਾ ਸੀ। ਤੁਸੀਂ ਕਿਸਾਨਾਂ ਦੀ ਗੱਲ ਬੰਦ ਕਰੋ ਅਤੇ ਪਿੱਛੇ ਹਟ ਜਾਓ, ਨਹੀਂ ਤਾਂ ਤੁਹਾਡਾ ਸਾਰਾ ਟਿਕੈਤ ਪਰਿਵਾਰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਰਾਕੇਸ਼ ਟਿਕੈਤ ਦੀ ਤਰਫੋਂ ਪੂਰੇ ਪਰਿਵਾਰ ਲਈ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਰਾਕੇਸ਼ ਟਿਕੈਤ ਵੱਲੋਂ ਲਿਖੇ ਪੱਤਰ ਦੀ ਕਾਪੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ, ਯੂਪੀ ਦੇ ਡੀਜੀਪੀ, ਸਹਾਰਨਪੁਰ ਦੇ ਡੀਆਈਜੀ, ਮੁਜ਼ੱਫ਼ਰਨਗਰ ਦੇ ਐਸਐਸਪੀ ਨੂੰ ਵੀ ਦਿੱਤੀ ਗਈ ਹੈ।