ਵਿਰੁਧੁਨਗਰ, 17 ਫਰਵਰੀ : ਤਾਮਿਲਨਾਡੂ ਦੇ ਵਿਰੁਧੁਨਗਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਧਮਾਕਾ ਸ਼ਨੀਵਾਰ ਨੂੰ ਵਿਰੂਧੁਨਗਰ ਜ਼ਿਲੇ 'ਚ ਹੋਇਆ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਹਨ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਵੇਮਬਕੋਟਈ ਥਾਣਾ ਖੇਤਰ ਦੇ ਅਧੀਨ ਹੋਈ ਹੈ। ਹਾਦਸੇ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਧਮਾਕਾ ਫੈਕਟਰੀ ਦੇ ਕੈਮੀਕਲ ਮਿਕਸਿੰਗ ਰੂਮ 'ਚ ਹੋਇਆ ਹੈ। ਇਸ ਧਮਾਕੇ ਵਿਚ ਫੈਕਟਰੀ ਦੇ ਨੇੜੇ ਸਥਿਤ ਚਾਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਘਰ 'ਚ ਪਟਾਕਿਆਂ ਦੀ ਫੈਕਟਰੀ ਚੱਲ ਰਹੀ ਸੀ, ਉਥੇ ਜ਼ਮੀਨ ਖਿਸਕ ਗਈ। ਪੁਲਿਸ ਨੇ ਦੱਸਿਆ ਕਿ ਮਲਬੇ ਹੇਠਾਂ ਕੁਝ ਹੋਰ ਲੋਕਾਂ ਦੇ ਦੱਬੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਹਾਦਸੇ 'ਚ ਮਾਰੇ ਗਏ 9 ਲੋਕਾਂ 'ਚ 5 ਔਰਤਾਂ ਵੀ ਸ਼ਾਮਲ ਹਨ। ਗੰਭੀਰ ਰੂਪ ਨਾਲ ਜ਼ਖ਼ਮੀ ਛੇ ਲੋਕਾਂ ਨੂੰ ਸਿਵਾਕਾਸੀ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤਾਮਿਲਨਾਡੂ ਵਿਚ ਪਟਾਕਿਆਂ ਦਾ ਇੱਕ ਵੱਡਾ ਉਦਯੋਗ ਹੈ। ਇਥੇ ਕਈ ਗੈਰ-ਕਾਨੂੰਨੀ ਫੈਕਟਰੀਆਂ ਵੀ ਚੱਲਦੀਆਂ ਹਨ, ਜਿਨ੍ਹਾਂ ਕੋਲ ਸਰਕਾਰੀ ਲਾਇਸੈਂਸ ਨਹੀਂ ਹੈ। ਅਜਿਹੀਆਂ ਫੈਕਟਰੀਆਂ ਵਿਚ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ ਅਤੇ ਮਜ਼ਦੂਰ ਹਰ ਪਲ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕੰਮ ਕਰਦੇ ਹਨ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵੀ ਵਿਰੁਧਨਗਰ ਜ਼ਿਲ੍ਹੇ ਵਿੱਚ ਦੋ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਧਮਾਕੇ ਹੋਏ ਸਨ। ਰੰਗਾਪਲਯਾਮ ਅਤੇ ਕਿਚਨਿਆਕਨਪੱਟੀ ਵਿੱਚ ਦੋ ਵੱਖ-ਵੱਖ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਹੋਏ ਧਮਾਕਿਆਂ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਤੋਂ ਵੱਧ ਜ਼ਖ਼ਮੀ ਹੋ ਗਏ।