ਨਵੀਂ ਦਿੱਲੀ, 8 ਫਰਵਰੀ : ਰੌਜ਼ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਐਕਸਾਈਜ਼ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਈਡੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਧੀ ਕੇ ਕਵਿਤਾ ਦੇ ਆਡੀਟਰ ਨੂੰ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਸ ਦਾ ਸੱਤ ਦਿਨ ਦਾ ਰਿਮਾਂਡ ਦਿੱਤਾ ਹੈ। OASIS ਸਮੂਹ ਦੀ ਸ਼ਰਾਬ ਨਿਰਮਾਣ ਅਤੇ ਵੰਡ ਫਰਮ ਦੇ ਡਾਇਰੈਕਟਰ ਗੌਤਮ ਮਲਹੋਤਰਾ ਨੂੰ ਮੰਗਲਵਾਰ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਦੇ ਅਧਿਕਾਰੀਆਂ ਨੇ ਮਾਮਲੇ 'ਚ ਪੁੱਛਗਿੱਛ ਤੋਂ ਬਾਅਦ ਕਾਰੋਬਾਰੀ ਨੂੰ ਗ੍ਰਿਫਤਾਰ ਕਰ ਲਿਆ। ਪਿਛਲੇ ਸਾਲ ਅਕਤੂਬਰ 'ਚ ਈਡੀ ਨੇ ਗੌਤਮ ਅਤੇ ਉਸ ਦੇ ਪਿਤਾ ਦੀਆਂ ਪੰਜਾਬ 'ਚ ਜਾਇਦਾਦਾਂ 'ਤੇ ਵੀ ਛਾਪੇਮਾਰੀ ਕੀਤੀ ਸੀ। ਦੀਪ ਮਲਹੋਤਰਾ ਦਾ ਛੋਟਾ ਪੁੱਤਰ, ਗੌਤਮ ਅੰਬਾਲਾ ਅਤੇ ਇੰਦੌਰ ਵਿੱਚ OASIS ਗਰੁੱਪ ਦੀਆਂ ਡਿਸਟਿਲਰੀਆਂ ਚਲਾਉਣ ਤੋਂ ਇਲਾਵਾ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਬਾਜ਼ਾਰਾਂ ਦਾ ਪ੍ਰਬੰਧਨ ਕਰਦਾ ਹੈ। ਸੂਤਰਾਂ ਮੁਤਾਬਕ ਗੌਤਮ ਬੱਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਅਰੋੜਾ ਦਾ ਸਹਿਯੋਗੀ ਹੈ, ਜਿਸ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ 'ਚ ਪਿਛਲੇ ਸਾਲ ਨਵੰਬਰ 'ਚ ਈਡੀ ਨੇ ਗ੍ਰਿਫਤਾਰ ਕੀਤਾ ਸੀ। ਦੂਜੇ ਮੁਲਜ਼ਮ, ਹੈਦਰਾਬਾਦ ਦੇ ਚਾਰਟਰਡ ਅਕਾਊਂਟੈਂਟ (ਸੀਏ) ਬੁਚੀਬਾਬੂ ਗੋਰਾਂਤਲਾ, ਜੋ ਕਿ ਭਾਰਤ ਰਾਸ਼ਟਰ ਸਮਿਤੀ ਐਮਐਲਸੀ ਕੇ ਕਵਿਤਾ ਦਾ ਆਡੀਟਰ ਵੀ ਦੱਸਿਆ ਜਾਂਦਾ ਹੈ, ਨੂੰ ਸ਼ਰਾਬ ਘੁਟਾਲੇ ਵਿੱਚ ਤਿੰਨ ਦਿਨ ਦੇ ਸੀਬੀਆਈ ਰਿਮਾਂਡ ਲਈ ਭੇਜਿਆ ਗਿਆ ਹੈ। ਸੀਬੀਆਈ ਦੇ ਅਨੁਸਾਰ, ਅਗਲੀ ਜਾਂਚ ਦੇ ਦੌਰਾਨ, ਸੀਏ ਦੀ (ਬੁਚੀਬਾਬੂ ਗੋਰਾਂਤਲਾ) ਦੀ ਭੂਮਿਕਾ ਹੋਰ ਸਹਿ-ਦੋਸ਼ੀ ਵਿਅਕਤੀਆਂ ਦੇ ਨਾਲ ਅਪਰਾਧਿਕ ਸਾਜ਼ਿਸ਼ ਵਿੱਚ, ਅਨੁਕੂਲ ਸ਼ਰਾਬ ਨੀਤੀ ਬਣਾਉਣ ਅਤੇ ਇਸ ਤੋਂ ਨਾਜਾਇਜ਼ ਲਾਭ ਪ੍ਰਾਪਤ ਕਰਨ ਵਿੱਚ ਸਾਹਮਣੇ ਆਈ ਹੈ। ਅਗਲੇਰੀ ਜਾਂਚ ਦੌਰਾਨ, ਬੁਚੀਬਾਬੂ ਗੋਰਾਂਤਲਾ ਦੇ ਜ਼ਬਤ ਕੀਤੇ ਗਏ ਮੋਬਾਈਲ ਫੋਨਾਂ ਤੋਂ ਬਰਾਮਦ ਕੀਤੇ ਗਏ ਵਟਸਐਪ ਚੈਟਸ ਦੀ ਪੜਤਾਲ ਤੋਂ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਬਾਰੇ ਕੁਝ ਗੁੰਝਲਦਾਰ ਤੱਥ ਸਾਹਮਣੇ ਆਏ ਹਨ। ”ਸੀਬੀਆਈ ਨੇ ਕਿਹਾ ਕਿ, "ਬੁਚੀਬਾਬੂ ਸਬੰਧਤ ਸਮੇਂ ਦੌਰਾਨ ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਅਤੇ ਹੋਰ ਸ਼ੱਕੀ ਵਿਅਕਤੀਆਂ ਨਾਲ ਨਿਯਮਤ ਸੰਪਰਕ ਵਿੱਚ ਰਿਹਾ ਹੈ। ਉਸਨੇ ਦਿੱਲੀ, ਹੈਦਰਾਬਾਦ ਅਤੇ ਮੁੰਬਈ ਵਿੱਚ ਸਹਿ-ਦੋਸ਼ੀ/ਸ਼ੱਕੀ ਵਿਅਕਤੀਆਂ ਨਾਲ ਵੱਖ-ਵੱਖ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ, ਜਿੱਥੇ ਅਪਰਾਧਿਕ ਸਾਜ਼ਿਸ਼ਾਂ ਰਚੀਆਂ ਗਈਆਂ ਹਨ।