ਸ਼ਿਮਲਾ : ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਤਰ੍ਹਾਂ ਸੂਬੇ ਵਿਚ ਹਰ ਪੰਜ ਸਾਲ ਬਾਅਦ ਸੱਤਾ ਬਦਲਣ ਦਾ ਰਿਵਾਜ਼ ਕਾਇਮ ਰਿਹਾ। ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸ਼ਾਮ 7 ਵਜੇ ਤੱਕ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਮੌਜੂਦ ਅੰਕੜਿਆਂ ਮੁਤਾਬਕ 68 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਨੇ 40 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਭਾਜਪਾ ਨੇ 24 ਸੀਟਾਂ ਜਿੱਤੀਆਂ ਹਨ ਅਤੇ ਇਕ ਸੀਟ 'ਤੇ ਅੱਗੇ ਹੈ। ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਮਿਲੀ। ‘ਆਪ’ ਨੇ 67 ਸੀਟਾਂ 'ਤੇ ਚੋਣ ਲੜੀ ਸੀ। ਹਿਮਾਚਲ ਪ੍ਰਦੇਸ਼ ਦਾ 1985 ਤੋਂ ਬਾਅਦ ਦਾ ਸਿਆਸੀ ਇਤਿਹਾਸ ਰਿਹਾ ਹੈ ਕਿ ਇੱਥੋਂ ਦੇ ਲੋਕਾਂ ਨੇ ਲਗਾਤਾਰ ਦੋ ਵਾਰ ਸੱਤਾ ਦੀ ਚਾਬੀ ਕਿਸੇ ਪਾਰਟੀ ਨੂੰ ਨਹੀਂ ਸੌਂਪੀ। ਜੈਰਾਮ ਠਾਕੁਰ ਨੇ ਸੇਰਾਜ ਵਿਧਾਨ ਸਭਾ ਸੀਟ 'ਤੇ ਕਾਂਗਰਸ ਉਮੀਦਵਾਰ ਚੇਤਰਾਮ ਨੂੰ 38,183 ਵੋਟਾਂ ਦੇ ਫਰਕ ਨਾਲ ਹਰਾਇਆ। ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਦੇ ਪੁੱਤਰ ਅਤੇ ਭਾਜਪਾ ਉਮੀਦਵਾਰ ਅਨਿਲ ਸ਼ਰਮਾ ਨੇ ਮੰਡੀ ਸਦਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਕਾਂਗਰਸ ਉਮੀਦਵਾਰ ਚੰਬਾ ਠਾਕੁਰ ਨੂੰ 10,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਸ਼ਿਮਲਾ ਸ਼ਹਿਰੀ ਵਿਧਾਨ ਸਭਾ ਸੀਟ 'ਤੇ ਕਾਂਗਰਸ ਦੇ ਹਰੀਸ਼ ਜਨਰਥ ਨੇ ਭਾਜਪਾ ਦੇ ਸੰਜੇ ਸੂਦ ਨੂੰ 3,037 ਵੋਟਾਂ ਦੇ ਫਰਕ ਨਾਲ ਹਰਾਇਆ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ। ਦੂਜੇ ਪਾਸੇ ਥੀਓਗ ਵਿਧਾਨ ਸਭਾ ਸੀਟ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕੁਲਦੀਪ ਰਾਠੌਰ ਅਤੇ ਧਰਮਸ਼ਾਲਾ ਤੋਂ ਸਾਬਕਾ ਮੰਤਰੀ ਸੁਧੀਰ ਸ਼ਰਮਾ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ 12 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ 76.44 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ। ਵਿਧਾਨ ਸਭਾ ਚੋਣਾਂ 'ਚ ਹਾਰ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜਪਾਲ ਨੂੰ ਅਸਤੀਫਾ ਸੌਂਪਣ ਤੋਂ ਕੁਝ ਦੇਰ ਪਹਿਲਾਂ ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਲੋਕਾਂ ਦੇ ਫਤਵੇ ਦਾ ਸਨਮਾਨ ਕਰਦਾ ਹਾਂ। ਮੈਂ ਕਾਂਗਰਸ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਆਪਣੇ ਵਾਅਦੇ ਪੂਰੇ ਕਰੇਗੀ”।