ਪੱਛਮੀ ਬੰਗਾਲ : ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਦਾਖ਼ਲੇ ਅਤੇ ਇਲਾਜ ਤੋਂ ਪਹਿਲਾਂ ਕਾਗਜ਼ੀ ਕਾਰਵਾਈ ਕਾਰਨ ਕਈ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹੇ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਰਕਾਰ ਨੇ ਡਾਕਟਰਾਂ ਨੂੰ ਕਾਗਜ਼ੀ ਕਾਰਵਾਈ ਤੋਂ ਪਹਿਲਾਂ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਦੇ ਹੁਕਮ ਦਿੱਤੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਰਕਾਰੀ ਐੱਸਐੱਸਕੇਐੱਮ (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਐਂਡ ਸੇਠ ਸੁਖਲਾਲ ਕਰਨਾਨੀ ਮੈਮੋਰੀਅਲ) ਹਸਪਤਾਲ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਡਾਕਟਰੀ ਸੇਵਾਵਾਂ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਡਾਕਟਰਾਂ ਨੂੰ ਕਾਗਜ਼ੀ ਕਾਰਵਾਈ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਪਹਿਲਾਂ ਮਰੀਜ਼ਾਂ ਦਾ ਇਲਾਜ ਕਰਨ ਲਈ ਕਿਹਾ। ਟੀਐਮਸੀ ਸੁਪਰੀਮੋ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਵੀਂ ਦਿੱਲੀ ਤੋਂ ਪਰਤਣ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਸਿੱਧੇ ਹਸਪਤਾਲ ਪਹੁੰਚੇ। ਉਨ੍ਹਾਂ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਰੈਫ਼ਰ ਕਰਨ ਦੇ ਅਮਲ ’ਤੇ ਵੀ ਇਤਰਾਜ਼ ਜਤਾਇਆ। ਮੁੱਖ ਮੰਤਰੀ ਬੈਨਰਜੀ ਨੇ ਕਿਹਾ, "ਪਹਿਲਾਂ (ਮਰੀਜ਼ਾਂ) ਇਲਾਜ ਕਰੋ, ਖਾਸ ਕਰਕੇ ਟਰੌਮਾ ਕੇਅਰ ਸੈਂਟਰਾਂ (ਐਸਐਸਕੇਐਮ ਵਰਗੇ ਹਸਪਤਾਲਾਂ) ਵਿੱਚ ਅਤੇ ਬਾਅਦ ਵਿੱਚ ਪ੍ਰਕਿਰਿਆ ਸ਼ੁਰੂ ਕਰੋ।" ਮਮਤਾ ਬੈਨਰਜੀ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਸੇਵਾਵਾਂ ਵਿੱਚ ਸੁਧਾਰ ਲਈ ਹੋਰ ਸਟਾਫ਼ ਨਿਯੁਕਤ ਕਰਨ ਲਈ ਕਿਹਾ ਅਤੇ ਰਾਤ ਦੀ ਡਿਊਟੀ ਲਈ ਸੀਨੀਅਰ ਡਾਕਟਰਾਂ ਦੀ ਉਪਲਬਧਤਾ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਇਸ ਹੁਕਮ ਨਾਲ ਸਰਕਾਰੀ ਹਸਪਤਾਲਾਂ ਦੀ ਵਿਵਸਥਾ 'ਚ ਕੁਝ ਸੁਧਾਰ ਹੋਵੇਗਾ ਅਤੇ ਕਾਗਜ਼ੀ ਕਾਰਵਾਈ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਵੇਗੀ।