ਨਵੀਂ ਦਿੱਲੀ, 13 ਫਰਵਰੀ : ਸੂਰਜੀ ਊਰਜਾ ਤੇ ਟਿਕਾਊ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ, ਕੇਂਦਰ ਸਰਕਾਰ ਜਲਦੀ ਹੀ 'ਪੀਐੱਮ ਸੂਰਜ ਘਰ: ਮੁਫ਼ਤ ਬਿਜਲੀ ਯੋਜਨਾ' ਸ਼ੁਰੂ ਕਰ ਰਹੀ ਹੈ। ਇਸ ਯੋਜਨਾ ਦਾ ਟੀਚਾ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਦਾਨ ਕਰਕੇ ਇੱਕ ਕਰੋੜ ਘਰਾਂ ਨੂੰ ਰੋਸ਼ਨ ਕਰਨਾ ਹੈ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਇਸ ਪ੍ਰੋਜੈਕਟ ਵਿੱਚ 75,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਵੇਗਾ। ਸੋਸ਼ਲ ਮੀਡੀਆ X' ਤੇ ਪੋਸਟ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, 'ਸਥਾਈ ਵਿਕਾਸ ਤੇ ਲੋਕਾਂ ਦੀ ਭਲਾਈ ਲਈ, ਅਸੀਂ ਪੀਐੱਮ ਸੂਰਜ ਘਰ: ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕਰ ਰਹੇ ਹਾਂ। 75,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ ਦਾ ਟੀਚਾ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਦਾਨ ਕਰਕੇ 1 ਕਰੋੜ ਘਰਾਂ ਨੂੰ ਰੋਸ਼ਨ ਕਰਨਾ ਹੈ।' ਪੀਐੱਮ ਮੋਦੀ ਨੇ ਕਿਹਾ ਕਿ ਠੋਸ ਸਬਸਿਡੀਆਂ ਤੋਂ ਲੈ ਕੇ ਭਾਰੀ ਰਿਆਇਤੀ ਬੈਂਕ ਕਰਜ਼ਿਆਂ ਤੱਕ, ਕੇਂਦਰ ਸਰਕਾਰ ਇਹ ਯਕੀਨੀ ਬਣਾਏਗੀ ਕਿ ਲੋਕਾਂ 'ਤੇ ਲਾਗਤ ਦਾ ਬੋਝ ਨਾ ਪਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਨੂੰ ਇੱਕ ਰਾਸ਼ਟਰੀ ਆਨਲਾਈਨ ਪੋਰਟਲ ਰਾਹੀਂ ਏਕੀਕ੍ਰਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਸਬਸਿਡੀ ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੀ ਜਾਵੇਗੀ। ਪੀਐੱਮ ਮੋਦੀ ਨੇ ਕਿਹਾ ਕਿ ਇਸ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਲੋਕਪ੍ਰਿਯ ਬਣਾਉਣ ਲਈ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਛੱਤ ਵਾਲੇ ਸੂਰਜੀ ਸਿਸਟਮ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਪੀਐੱਮ ਮੋਦੀ ਨੇ ਕਿਹਾ ਕਿ ਇਸ ਯੋਜਨਾ ਨਾਲ ਜ਼ਿਆਦਾ ਆਮਦਨ, ਘੱਟ ਬਿਜਲੀ ਬਿੱਲ ਤੇ ਲੋਕਾਂ ਲਈ ਰੁਜ਼ਗਾਰ ਪੈਦਾ ਹੋਵੇਗਾ। ਪੀਐੱਮ ਮੋਦੀ ਨੇ ਕਿਹਾ, 'ਆਓ ਸੌਰ ਊਰਜਾ ਤੇ ਟਿਕਾਊ ਤਰੱਕੀ ਨੂੰ ਉਤਸ਼ਾਹਿਤ ਕਰੀਏ। ਮੈਂ ਸਾਰੇ ਰਿਹਾਇਸ਼ੀ ਖਪਤਕਾਰਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ https://pmsuryagarh.gov.in 'ਤੇ ਅਪਲਾਈ ਕਰਕੇ ਪ੍ਰਧਾਨ ਮੰਤਰੀ - ਸੂਰਜ ਘਰ: ਮੁਫ਼ਤ ਬਿਜਲੀ ਯੋਜਨਾ ਨੂੰ ਮਜ਼ਬੂਤ ਕਰਨ।'