ਨਵੀਂ ਦਿੱਲੀ, 05 ਫਰਵਰੀ : ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਚੀਨੀ ਐਪਸ ‘ਤੇ ਡਿਜੀਟਲ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ । ਹੁਣ ਸੁਰੱਖਿਆ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੇ ਚੀਨੀ ਲਿੰਕ ਵਾਲੇ 200 ਤੋਂ ਵੱਧ ਐਪਸ ਨੂੰ ਬੈਨ ਕਰ ਦਿੱਤਾ ਹੈ । ਇਨ੍ਹਾਂ ਐਪਸ ਵਿੱਚ 138 ਬੈਟਿੰਗ ਐਪ ਅਤੇ 94 ਲੋਨ ਐਪ ਸ਼ਾਮਿਲ ਹਨ । ਗ੍ਰਹਿ ਮੰਤਰਾਲਾ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਚੀਨੀ ਲਿੰਕ ਵਾਲੇ ਐਪਸ ਨੂੰ ਤੁਰੰਤ ਅਤੇ ਐਮਰਜੈਂਸੀ ਆਧਾਰ ਤੇ ਬੈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਗ੍ਰਹਿ ਮੰਤਰਾਲੇ ਨੇ 6 ਮਹੀਨੇ ਪਹਿਲਾਂ ਹੀ 288 ਚੀਨੀ ਲੋਨ ਐਪਸ ‘ਤੇ ਨਜ਼ਰ ਰੱਖਣਾ ਸ਼ੁਰੂ ਕੀਤਾ ਸੀ। ਇਨ੍ਹਾਂ ਵਿੱਚੋਂ 94 ਐਪਸ ਅਜਿਹੇ ਹਨ ਜੋ ਐਪ ਸਟੋਰ ਤੇ ਉਪਲਬਧ ਹਨ ਅਤੇ ਹੋਰ ਐਪ ਥਰਡ ਪਾਰਟੀ ਲਿੰਕ ਰਾਹੀਂ ਕੰਮ ਕਰ ਰਹੇ ਹਨ । ਮੀਡੀਆ ਰਿਪੋਰਟ ਮੁਤਾਬਕ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੂੰ ਇਸ ਹਫਤੇ ਗ੍ਰਹਿ ਮੰਤਰਾਲੇ ਵੱਲੋਂ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ । ਜਿਸ ਤੋਂ ਬਾਅਦ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਤੇਲੰਗਾਨਾ, ਓਡੀਸ਼ਾ ਅਤੇ ਉੱਤਰ-ਪ੍ਰਦੇਸ਼ ਵਰਗੇ ਸੂਬਿਆਂ ਦੇ ਨਾਲ-ਨਾਲ ਕੇਂਦਰੀ ਖੁਫੀਆਂ ਏਜੰਸੀਆਂ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਇਨ੍ਹਾਂ ਐਪਸ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ । ਜਿਸ ਤੋਂ ਬਾਅਦ ਇਨ੍ਹਾਂ ਚੀਨੀ ਲਿੰਕ ਵਾਲੇ 138 ਬੈਟਿੰਗ ਐਪ ਅਤੇ 94 ਲੋਨ ਐਪਸ ਨੂੰ ਤੁਰੰਤ ਅਤੇ ਐਮਰਜੈਂਸੀ ਆਧਾਰ ‘ਤੇ ਬਲਾਕ ਕੀਤਾ ਗਿਆ ਹੈ।