ਬੈਂਗਲੂਰੂ, 5 ਜਨਵਰੀ : ਕਰਨਾਟਕ ਦੇ ਬੇਲਗਾਮ ਵਿੱਚ ਅੱਜ ਵੀਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਜੀਪ ਦਰੱਖਤ ਨਾਲ ਟਕਰਾ ਗਈ, ਜਿਸ ਨਾਲ 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਜੀਪ 'ਚ ਸਵਾਰ ਸਾਰੇ ਯਾਤਰੀ ਮੰਦਰ 'ਚ ਦਰਸ਼ਨਾਂ ਲਈ ਜਾ ਰਹੇ ਸਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਦੀ ਜੀਪ ਇਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨ ਔਰਤਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ, 16 ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਗੋਕਾਕ ਅਤੇ ਰਾਮਦੁਰਗ ਕਸਬਿਆਂ ਦੇ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਸ਼ਰਧਾਲੂ ਬਨਦਾ ਹੁੰਨੀਮ ਦੇ ਦੌਰਾਨ ਆਯੋਜਿਤ ਸਭ ਤੋਂ ਵੱਡੇ ਮੇਲਿਆਂ ਵਿੱਚੋਂ ਇੱਕ ਵਿੱਚ ਹਿੱਸਾ ਲੈਣ ਲਈ ਸਾਵਦੱਤੀ ਵਿੱਚ ਦੇਵੀ ਰੇਣੂਕਾ ਯੱਲਮਾ ਮੰਦਰ ਜਾ ਰਹੇ ਸਨ। ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਪੁਲਸ ਸੂਤਰਾਂ ਮੁਤਾਬਕ ਸਾਰੇ ਮ੍ਰਿਤਕ ਰਾਮਦੁਰਗ ਤਾਲੁਕ ਦੇ ਹੁਲਕੁੰਡ ਪਿੰਡ ਦੇ ਰਹਿਣ ਵਾਲੇ ਹਨ। ਜ਼ਿਲ੍ਹਾ ਇੰਚਾਰਜ ਮੰਤਰੀ ਨੇ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਹਾਦਸਾ ਚਿਨਚਨੂਰ ਦੇ ਵਿਠਲ-ਰੁਕਮਣੀ ਮੰਦਰ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਹਨੁਮਾਵਵਾ ਮਿਆਗਦੀ (35), ਮਾਰੂਤੀ (42), ਇੰਦਰਵਾ (24), ਦੀਪਕ (31), ਸਵਿਤਾ (12) ਅਤੇ ਸੁਪ੍ਰਿਆ (11) ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਪੀ ਸੰਜੀਵ ਪਾਟਿਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਕਾਟਾਕੋਲ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।