ਅਰੁਣਾਂਚਲ ਪ੍ਰਦੇਸ਼, 20 ਜਨਵਰੀ : ਕਾਂਗਰਸ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਸਨਿਚਰਵਾਰ ਨੂੰ ਅਰੁਣਾਂਚਲ ਪ੍ਰਦੇਸ਼ ’ਚ ਦਾਖਲ ਹੋਣ ਤੋਂ ਤੁਰਤ ਬਾਅਦ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਜਾਤ, ਨਸਲ ਅਤੇ ਧਰਮ ਦੇ ਨਾਂ ’ਤੇ ਦੇਸ਼ ਨੂੰ ਵੰਡਣ ਦਾ ਦੋਸ਼ ਲਾਇਆ। ਦੋਈਮੁਖ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਭਾਜਪਾ ਲੋਕਾਂ ਨੂੰ ਧਰਮ ਅਤੇ ਭਾਸ਼ਾ ਦੇ ਨਾਮ ’ਤੇ ਆਪਸ ’ਚ ਲੜਨ ਲਈ ਉਕਸਾਉਂਦੀ ਹੈ। ਉਨ੍ਹਾਂ ਦਾਅਵਾ ਕੀਤਾ, ‘‘ਭਾਜਪਾ ਕੁੱਝ ਉਦਯੋਗਪਤੀਆਂ ਦੇ ਹਿੱਤਾਂ ਲਈ ਕੰਮ ਕਰਦੀ ਹੈ, ਨਾ ਕਿ ਉਨ੍ਹਾਂ ਦੇ ਹਿੱਤਾਂ ਲਈ ਜੋ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਲੋਕਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ।’’ ਕਾਂਗਰਸ ਨੇਤਾ ਨੇ ਕਿਹਾ ਕਿ 6,713 ਕਿਲੋਮੀਟਰ ਲੰਮੀ ‘ਭਾਰਤ ਜੋੜੋ ਨਿਆਂ ਯਾਤਰਾ’ ਦਾ ਉਦੇਸ਼ ‘ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੇ ਦਰਦ ਨੂੰ ਦੂਰ ਕਰਨਾ’ ਹੈ। ਇਹ ਯਾਤਰਾ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋਈ ਸੀ ਅਤੇ 20 ਮਾਰਚ ਨੂੰ ਮੁੰਬਈ ’ਚ ਖ਼ਤਮ ਹੋਵੇਗੀ।ਰਾਹੁਲ ਗਾਂਧੀ ਨੇ ਕਿਹਾ, ‘‘ਅਸੀਂ ਅਰੁਣਾਚਲ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਦਿਤਾ ਅਤੇ ਸਾਡੀ ਪਾਰਟੀ ਗਰੀਬਾਂ ਦੇ ਮੁੱਦਿਆਂ ਨੂੰ ਚੁੱਕਣ ਅਤੇ ਨੌਜੁਆਨਾਂ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਹਮੇਸ਼ਾ ਤਿਆਰ ਹੈ।’’ ਉਨ੍ਹਾਂ ਨੇ ਦੇਸ਼ ’ਚ ਬੇਰੁਜ਼ਗਾਰੀ ਲਈ ਭਾਜਪਾ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ, ‘‘ਭਾਜਪਾ ਦੇ ਰਾਜ ’ਚ ਨਾ ਤਾਂ ਸਰਕਾਰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਤਿਆਰ ਹੈ ਅਤੇ ਨਾ ਹੀ ਮੀਡੀਆ ਉਨ੍ਹਾਂ ਦੇ ਮੁੱਦੇ ਉਠਾਉਣ ਲਈ ਤਿਆਰ ਹੈ। ਯਾਤਰਾ ਦੌਰਾਨ, ਮੈਂ ਸਵੇਰ ਤੋਂ ਸ਼ਾਮ ਤਕ ਕਈ ਘੰਟਿਆਂ ਲਈ ਯਾਤਰਾ ਕਰਦਾ ਰਿਹਾ ਹਾਂ ਅਤੇ ਲੋਕਾਂ ਦੀ ਦੁਰਦਸ਼ਾ ਸੁਣਨ ਲਈ ਥਾਂ-ਥਾਂ ਰੁਕਦਾ ਰਿਹਾ ਹਾਂ।’’ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਬਾਮ ਤੁਕੀ ਨੇ ਪਾਪੁਮ ਪਰੇ ਜ਼ਿਲ੍ਹੇ ਦੇ ਗੁਮਟੋ ਚੈੱਕਗੇਟ ’ਤੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਤੁਕੀ ਅਤੇ ਅਸਾਮ ਕਾਂਗਰਸ ਦੇ ਪ੍ਰਧਾਨ ਭੂਪੇਨ ਬੋਰਾ ਵਿਚਕਾਰ ਦੋਹਾਂ ਸੂਬਿਆਂ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਮੌਜੂਦਗੀ ’ਚ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ।