ਨਵੀਂ ਦਿੱਲੀ, 06 ਜਨਵਰੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ 14 ਜਨਵਰੀ ਤੋਂ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕਰਨਗੇ। ਇਹ ਯਾਤਰਾ ਮਣੀਪੁਰ ਤੋਂ ਸ਼ੁਰੂ ਹੋ ਕੇ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਲੋਕ ਸਭਾ ਚੋਣਾਂ ਤੋਂ ਕਰੀਬ 4 ਮਹੀਨੇ ਪਹਿਲਾਂ ਨਿਕਲਣ ਵਾਲੀ ਇਹ ਯਾਤਰਾ 14 ਸੂਬਿਆਂ ਅਤੇ 85 ਜ਼ਿਲਿਆਂ ਨੂੰ ਕਵਰ ਕਰੇਗੀ। ਇਸ ਦੌਰਾਨ ਰਾਹੁਲ ਪੈਦਲ ਅਤੇ ਬੱਸ ਰਾਹੀਂ 6 ਹਜ਼ਾਰ 200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨਗੇ। ਇਹ ਮਣੀਪੁਰ ਤੋਂ ਸ਼ੁਰੂ ਹੋ ਕੇ ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਤੋਂ ਹੁੰਦਿਆਂ ਹੋਇਆ ਮਹਾਰਾਸ਼ਟਰ ਵਿੱਚ ਸਮਾਪਤ ਹੋਵੇਗੀ । ਵੇਣੂਗੋਪਾਲ ਨੇ ਕਿਹਾ ਸੀ ਕਿ ਪਾਰਟੀ ਪ੍ਰਧਾਨ ਖੜਗੇ ਦੌਰੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਭਾਰਤ ਨਿਆਂ ਯਾਤਰਾ ਦਾ ਉਦੇਸ਼ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਹੈ। ਇਸ ਯਾਤਰਾ ਦੌਰਾਨ ਰਾਹੁਲ ਨੌਜਵਾਨਾਂ, ਬੀਬੀਆਂ ਅਤੇ ਹਾਸ਼ੀਏ ‘ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕਰਨਗੇ। ਬੱਸ ਯਾਤਰਾ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਯਾਤਰਾ ਦੇ ਕੁਝ ਛੋਟੇ ਹਿੱਸੇ ਪੈਦਲ ਰੁਕ-ਰੁਕ ਕੇ ਵੀ ਕਵਰ ਕੀਤੇ ਜਾਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਦੇ ਤੰਜ ਕੱਸਦੇ ਹੋਏ ਕਿਹਾ ਕਿ ਮਣੀਪੁਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ, ਪਰ ਪ੍ਰਧਾਨ ਮੰਤਰੀ ਮੋਦੀ ਉੱਥੇ ਨਹੀਂ ਗਏ। ਉਹ ਰਾਮ ਮੰਦਰ ਵਾਲੀ ਥਾਂ ਜਾਂ ਬੀਚ ‘ਤੇ ਜਾ ਕੇ ਫੋਟੋ ਸੈਸ਼ਨ ਕਰਵਾਉਂਦੇ ਹਨ। ਉਹ ਮੁੰਬਈ ਜਾਵੇ ਜਾਂ ਕੇਰਲਾ, ਹਰ ਜਗ੍ਹਾ ਜਾਂਦੇ ਹਨ, ਤੁਸੀਂ ਹਰ ਜਗ੍ਹਾ ਉਸ ਦੀਆਂ ਫੋਟੋਆਂ ਦੇਖ ਸਕਦੇ ਹੋ … ਉਹ ਫੋਟੋਆਂ ਖਿੱਚਦਾ ਹੈ ਜਿਵੇਂ ਰੱਬ ਉਨ੍ਹਾਂ ਨੂੰ ਦਰਸ਼ਨ ਦੇ ਰਿਹਾ ਹੋਵੇ। ਪਰ ਇਹ ਮਹਾਨ ਵਿਅਕਤੀ ਮਣੀਪੁਰ ਕਿਉਂ ਨਹੀਂ ਜਾਂਦਾ?