ਨਵੀਂ ਦਿੱਲੀ, 15 ਜਨਵਰੀ : ਤ੍ਰੇਤਾ ਯੁੱਗ ’ਚ ਰਾਜਾ ਰਾਮ ਦੀ ਕਹਾਣੀ ਹੋਵੇ ਜਾਂ ਅੱਜ ਦੀ ‘ਰਾਜ-ਕਥਾ’ ਇਹ ਗਰੀਬਾਂ, ਸਾਧਨਹੀਣ ਅਤੇ ਆਦਿਵਾਸੀ ਲੋਕਾਂ ਦੀ ਭਲਾਈ ਤੋਂ ਬਗ਼ੈਰ ਸੰਭਵ ਨਹੀਂ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਇਸੇ ਸੋਚ ਨਾਲ ਨਿਰੰਤਰ ਕੰਮ ਕਰ ਰਹੀ ਹੈ ਅਤੇ ਇਸ ਦਾ ਨਤੀਜਾ ਇਹ ਹੈ ਕਿ ਜਿਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਪੁਛਿਆ, ਮੋਦੀ ਅੱਜ ਉਨ੍ਹਾਂ ਨੂੰ ਪੁੱਛਦਾ ਵੀ ਹੈ ਅਤੇ ਉਨ੍ਹਾਂ ਦੀ ਪੂਜਾ ਵੀ ਕਰਦਾ ਹੈ। ਪ੍ਰਧਾਨ ਮੰਤਰੀ ਆਦਿਵਾਸੀ ਨਿਆਂ ਮਹਾ ਅਭਿਆਨ (ਪੀ.ਐੱਮ.-ਜਨਮਨ) ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਇਕ ਲੱਖ ਲਾਭਪਾਤਰੀਆਂ ਨੂੰ ਪਹਿਲੀ ਕਿਸਤ ਜਾਰੀ ਕਰਨ ਤੋਂ ਬਾਅਦ ਵੀਡੀਉ ਕਾਨਫਰੰਸਿੰਗ ਰਾਹੀਂ ਅਪਣੇ ਸੰਬੋਧਨ ਵਿਚ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 10 ਸਾਲ ਗਰੀਬਾਂ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ, ‘‘ਤ੍ਰੇਤਾ ’ਚ ਰਾਜਾ ਰਾਮ ਦੀ ਕਹਾਣੀ ਹੋਵੇ ਜਾਂ ਅੱਜ ਦੀ ਸ਼ਾਹੀ ਕਹਾਣੀ, ਇਹ ਗਰੀਬਾਂ ਦੀ ਭਲਾਈ ਤੋਂ ਬਿਨਾਂ, ਸਾਧਨਹੀਣਾਂ ਤੋਂ ਬਿਨਾਂ, ਜੰਗਲ ਵਾਸੀਆਂ, ਭਰਾਵਾਂ ਅਤੇ ਭੈਣਾਂ ਦੀ ਭਲਾਈ ਤੋਂ ਬਿਨਾਂ ਸੰਭਵ ਨਹੀਂ ਹੈ। ਅਸੀਂ ਲਗਾਤਾਰ ਇਸ ਸੋਚ ਨਾਲ ਕੰਮ ਕਰ ਰਹੇ ਹਾਂ। ਅਸੀਂ 10 ਸਾਲ ਗਰੀਬਾਂ ਨੂੰ ਸਮਰਪਿਤ ਕੀਤੇ ਹਨ। ਗਰੀਬਾਂ ਲਈ 4 ਕਰੋੜ ਤੋਂ ਵੱਧ ਪੱਕੇ ਮਕਾਨ ਬਣਾਏ ਗਏ। ਉਨ੍ਹਾਂ ਕਿਹਾ, ‘‘ਜਿਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਪੁਛਿਆ, ਮੋਦੀ ਅੱਜ ਉਨ੍ਹਾਂ ਨੂੰ ਪੁੱਛਦਾ ਵੀ ਹੈ ਅਤੇ ਉਨ੍ਹਾਂ ਦੀ ਪੂਜਾ ਵੀ ਕਰਦਾ ਹੈ।’’ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਲਾਭਪਾਤਰੀਆਂ ਨੂੰ 540 ਕਰੋੜ ਰੁਪਏ ਦੀ ਪਹਿਲੀ ਕਿਸਤ ਜਾਰੀ ਕੀਤੀ ਗਈ। ਲਾਭਪਾਤਰੀਆਂ ਨੇ ਐਲ.ਪੀ.ਜੀ. ਕੁਨੈਕਸ਼ਨ, ਬਿਜਲੀ, ਪਾਈਪਾਂ ਰਾਹੀਂ ਪਾਣੀ ਅਤੇ ਰਿਹਾਇਸ਼ ਸਮੇਤ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਬਾਅਦ ਅਪਣੇ ਜੀਵਨ ’ਚ ਸਕਾਰਾਤਮਕ ਤਬਦੀਲੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਵੀ ਇਸ ਦੀਆਂ ਭਲਾਈ ਸਕੀਮਾਂ ਤੋਂ ਵਾਂਝਾ ਨਾ ਰਹੇ। 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਸਥਾਪਨਾ ਸਮਾਰੋਹ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਉਨ੍ਹਾਂ ਨੇ 11 ਦਿਨਾਂ ਦਾ ਵਰਤ ਰੱਖਣ ਦਾ ਸੰਕਲਪ ਵੀ ਲਿਆ ਹੈ ਅਤੇ ਇਸ ਦੌਰਾਨ ਉਹ ਸ਼੍ਰੀ ਰਾਮ ਦਾ ਧਿਆਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਪ੍ਰਧਾਨ ਮੰਤਰੀ-ਜਨਮਨ ਬਜਟ ਲਗਭਗ 24,000 ਕਰੋੜ ਰੁਪਏ ਦਾ ਹੈ ਅਤੇ ਇਸ ’ਚ ਨੌਂ ਮੰਤਰਾਲਿਆਂ ਰਾਹੀਂ 11 ਮਹੱਤਵਪੂਰਨ ਪਹਿਲਕਦਮੀਆਂ ਸ਼ਾਮਲ ਹਨ। ਇਸ ਦਾ ਉਦੇਸ਼ ਸੱਭ ਤੋਂ ਕਮਜ਼ੋਰ ਆਦਿਵਾਸੀ ਸਮੂਹਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। ਇਨ੍ਹਾਂ ’ਚ ਸੁਰੱਖਿਅਤ ਰਿਹਾਇਸ਼, ਪੀਣ ਵਾਲਾ ਸਾਫ ਪਾਣੀ, ਬਿਹਤਰ ਸਿੱਖਿਆ, ਸਿਹਤ ਅਤੇ ਪੋਸ਼ਣ, ਬਿਜਲੀ, ਸੜਕਾਂ ਅਤੇ ਸੰਚਾਰ ਅਤੇ ਟਿਕਾਊ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨਾ ਸ਼ਾਮਲ ਹੈ।