ਨਵੀਂ ਦਿੱਲੀ, ਜੇਐੱਨਐੱਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਤੋਂ ਜੈਪੁਰ ਜਾਣ ਵਾਲੇ ਲੋਕਾਂ ਨੂੰ ਅੱਜ ਇੱਕ ਖਾਸ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ 246 ਕਿਲੋਮੀਟਰ ਲੰਬੇ ਦਿੱਲੀ-ਦੌਸਾ-ਲਾਲਸੋਤ ਪੜਾਅ ਦਾ ਉਦਘਾਟਨ ਕੀਤਾ। ਇਸ ਐਕਸਪ੍ਰੈਸ ਵੇਅ ਦੇ ਖੁੱਲ੍ਹਣ ਨਾਲ ਲੋਕ ਹੁਣ ਪੰਜ ਘੰਟੇ ਦੀ ਬਜਾਏ ਸਾਢੇ ਤਿੰਨ ਘੰਟੇ ਵਿੱਚ ਜੈਪੁਰ ਪਹੁੰਚ ਸਕਣਗੇ। ਇਸ ਦੇ ਨਾਲ, ਪ੍ਰਧਾਨ ਮੰਤਰੀ ਨੇ 18,100 ਕਰੋੜ ਰੁਪਏ ਤੋਂ ਵੱਧ ਦੇ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਕੇਂਦਰ ਲਗਾਤਾਰ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼
ਰਾਜਸਥਾਨ ਦੇ ਦੌਸਾ ਵਿੱਚ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਭਾਰੀ ਨਿਵੇਸ਼ ਕਰ ਰਹੀ ਹੈ। ਦਿੱਲੀ-ਮੁੰਬਈ ਐਕਸਪ੍ਰੈਸਵੇਅ ਅਤੇ ਪੱਛਮੀ ਸਮਰਪਿਤ ਮਾਲ ਕਾਰੀਡੋਰ ਰਾਜਸਥਾਨ ਅਤੇ ਦੇਸ਼ ਲਈ ਤਰੱਕੀ ਦੇ ਦੋ ਮਜ਼ਬੂਤ ਥੰਮ ਬਣਨ ਜਾ ਰਹੇ ਹਨ।
ਆਧੁਨਿਕ ਸੜਕਾਂ ਰਾਹੀਂ ਦੇਸ਼ ਦੀ ਤਰੱਕੀ
ਪੀਐਮ ਮੋਦੀ ਨੇ ਕਿਹਾ ਕਿ ਜਦੋਂ ਅਜਿਹੀਆਂ ਆਧੁਨਿਕ ਸੜਕਾਂ, ਰੇਲਵੇ ਸਟੇਸ਼ਨ, ਏਅਰਪੋਰਟ, ਮੈਟਰੋ ਬਣਦੇ ਹਨ ਤਾਂ ਦੇਸ਼ ਤਰੱਕੀ ਕਰਦਾ ਹੈ। ਮੋਦੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਹੋਰ ਕਿਸਮ ਦੇ ਨਿਵੇਸ਼ ਨੂੰ ਵੀ ਆਕਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਅਸੀਂ ਬੁਨਿਆਦੀ ਢਾਂਚੇ ਲਈ 10 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਹ ਰਕਮ 2014 ਵਿੱਚ ਵਿਵਸਥਾ ਕੀਤੀ ਗਈ ਰਕਮ ਦਾ ਪੰਜ ਗੁਣਾ ਹੈ ਅਤੇ ਰਾਜਸਥਾਨ ਨੂੰ ਇਸ ਨਿਵੇਸ਼ ਦਾ ਬਹੁਤ ਫਾਇਦਾ ਹੋਣ ਵਾਲਾ ਹੈ।
ਨੈਸ਼ਨਲ ਰੋਡ ਪ੍ਰੋਜੈਕਟ ਪ੍ਰਦਰਸ਼ਨੀ ਦਾ ਕੀਤਾ ਨਿਰੀਖਣ
ਪ੍ਰਧਾਨ ਮੰਤਰੀ ਨੇ ਐਕਸਪ੍ਰੈਸਵੇਅ ਦੇ ਉਦਘਾਟਨ ਤੋਂ ਬਾਅਦ ਦੌਸਾ ਵਿਖੇ ਰਾਸ਼ਟਰੀ ਸੜਕ ਪ੍ਰੋਜੈਕਟ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
ਦਿੱਲੀ-ਮੁੰਬਈ ਐਕਸਪ੍ਰੈਸਵੇਅ ਛੇ ਰਾਜਾਂ ਨੂੰ ਜੋੜੇਗਾ
ਦੱਸ ਦੇਈਏ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ 1,386 ਕਿਲੋਮੀਟਰ ਦੀ ਲੰਬਾਈ ਦੇ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ ਹੋਵੇਗਾ। ਇਸ ਨਾਲ ਦਿੱਲੀ ਅਤੇ ਮੁੰਬਈ ਵਿਚਕਾਰ ਯਾਤਰਾ ਦੀ ਦੂਰੀ 1,424 ਕਿਲੋਮੀਟਰ ਤੋਂ 1,242 ਕਿਲੋਮੀਟਰ ਤੱਕ 12 ਫੀਸਦੀ ਘੱਟ ਜਾਵੇਗੀ, ਜਦਕਿ ਯਾਤਰਾ ਦਾ ਸਮਾਂ ਮੌਜੂਦਾ 24 ਘੰਟਿਆਂ ਤੋਂ 50 ਫੀਸਦੀ ਘੱਟ ਕੇ 12 ਘੰਟੇ ਰਹਿ ਜਾਵੇਗਾ। ਐਕਸਪ੍ਰੈਸਵੇਅ ਛੇ ਰਾਜਾਂ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਲੰਘੇਗਾ ਅਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਅਤੇ ਸੂਰਤ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ।