ਅਹਿਮਦਾਬਾਦ : ਗੁਜਰਾਤ ਦੇ ਨਵਸਾਰੀ ਤੋਂ ਲੰਘ ਰਹੇ ਅਹਿਮਦਾਬਾਦ-ਮੁੰਬਈ ਹਾਈਵੇ ’ਤੇ ਸ਼ਨਿਚਰਵਾਰ ਸਵੇਰੇ ਚਾਰ ਵਜੇ ਲਗਜ਼ਰੀ ਬੱਸ ਤੇ ਐੱਸਯੂਵੀ ਵਿਚਾਲੇ ਟੱਕਰ ’ਚ 9 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਰਾਹਤ ਕੋਸ਼ ’ਚੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਨਵਸਾਰੀ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ 11 ਲੋਕਾਂ ਨੂੰ ਨਵਸਾਰੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਦਕਿ 17 ਲੋਕਾਂ ਦਾ ਵਲਸਾਡ 'ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ 1 ਗੰਭੀਰ ਜ਼ਖਮੀ ਯਾਤਰੀ ਨੂੰ ਇਲਾਜ ਲਈ ਸੂਰਤ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਮੌਕੇ 'ਤੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਮੁੱਢਲੀ ਜਾਣਕਾਰੀ ਅਨੁਸਾਰ ਲਗਜ਼ਰੀ ਬੱਸ ਅਹਿਮਦਾਬਾਦ ਸ਼ਤਾਬਦੀ ਸਮਾਗਮ ਦੇ ਯਾਤਰੀਆਂ ਨੂੰ ਲੈ ਕੇ ਵਲਸਾਡ ਵੱਲ ਜਾ ਰਹੀ ਸੀ। ਇਸ ਦੌਰਾਨ ਰੇਸ਼ਮਾ ਪਿੰਡ ਨੇੜੇ ਇੱਕ ਫਾਰਚੂਨਰ ਕਾਰ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ, ਜਿਸ ਨੇ ਕਰੇਨ ਦੀ ਮਦਦ ਨਾਲ ਬੱਸ ਨੂੰ ਸਾਈਡ ’ਤੇ ਲੈ ਕੇ ਆਵਾਜਾਈ ਆਮ ਵਾਂਗ ਕਰ ਦਿੱਤੀ। ਫਿਲਹਾਲ ਪੁਲਿਸ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਵਿੱਚ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ।