ਕਾਂਕੇਰ, 9 ਫ਼ਰਵਰੀ : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਟਰੱਕ ਦੀ ਟੱਕਰ ਨਾਲ ਇੱਕ ਆਟੋ-ਰਿਕਸ਼ਾ ਵਿੱਚ ਸਫ਼ਰ ਕਰ ਰਹੇ ਸੱਤ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਰਰ ਥਾਣਾ ਖੇਤਰ ਵਿੱਚ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਸੱਤ ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਅੱਠ ਸਕੂਲੀ ਬੱਚੇ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲੀ ਬੱਚੇ ਰਸਤੇ 'ਚ ਸੀ, ਜਦੋਂ ਉਨ੍ਹਾਂ ਦੇ ਆਟੋ ਰਿਕਸ਼ਾ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਪੰਜ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਬੱਚੇ ਅਤੇ ਆਟੋ ਰਿਕਸ਼ਾ ਚਾਲਕ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਭੇਜੀ ਗਈ ਅਤੇ ਲਾਸ਼ਾਂ ਤੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਦੋ ਹੋਰ ਜ਼ਖ਼ਮੀ ਵਿਦਿਆਰਥੀਆਂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਥੇ ਇੱਕ ਹੋਰ ਵਿਦਿਆਰਥੀ ਅਤੇ ਆਟੋ ਰਿਕਸ਼ਾ ਚਾਲਕ ਦਾ ਇਲਾਜ ਜਾਰੀ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਟਵੀਟ ਕਰਕੇ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਬਘੇਲ ਨੇ ਪ੍ਰਸ਼ਾਸਨ ਨੂੰ ਜ਼ਖਮੀਆਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।