ਪਲਵਲ, 17 ਫਰਵਰੀ : ਪਲਵਲ 'ਚ ਸ਼ੁੱਕਰਵਾਰ ਸਵੇਰੇ ਸਕੂਲ ਬੱਸ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ , ਇਸ ਦਰਦਨਾਕ ਹਾਦਸੇ ਵਿੱਚ ਆਟੋ ‘ਚ ਸਫਰ ਕਰ ਰਹੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ 5 ਜਣੇ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਰਸੂਲਪੁਰ ਰੋਡ ‘ਤੇ ਸਥਿਤ ਪਿੰਡ ਹੋਸ਼ੰਗਾਬਾਦ ਨੇੜੇ ਵਾਪਰਿਆ। ਮ੍ਰਿਤਕ ਪਰਿਵਾਰ ਪਿੰਡ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਮ੍ਰਿਤਕ ਪਰਿਵਾਰ ਪਿੰਡ ਸੁਲਤਾਨਪੁਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਉਸ ‘ਚ ਸਵਾਰ 10 ਯਾਤਰੀ ਇਧਰ-ਉਧਰ ਡਿੱਗ ਗਏ। ਇਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪ੍ਰਮੋਦ (25), ਮੋਹਰਪਾਲ (30) ਆਟੋ ਚਾਲਕ, ਅੰਜਲੀ (17), ਚਾਰੁਲ (14), ਯਸ਼ਿਕਾ (7) ਸ਼ਾਮਲ ਹਨ। ਜਦਕਿ ਰਾਜਕੁਮਾਰੀ, ਸੁਮਨ, ਦੀਪਿਕਾ, ਮਹਿਕ ਅਤੇ ਮੋਨਿਕਾ ਗੰਭੀਰ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 7.30 ਤੋਂ 8.00 ਵਜੇ ਦਰਮਿਆਨ ਵਾਪਰੀ। ਹਾਦਸੇ ਦੇ ਸਮੇਂ ਬੱਸ ਬਹੁਤ ਤੇਜ਼ ਆ ਰਹੀ ਸੀ ਅਤੇ ਉਸ ਨੇ ਸਾਹਮਣੇ ਤੋਂ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਵਿੱਚ ਆਟੋ ਪਲਟ ਗਿਆ। ਘਟਨਾ ਤੋਂ ਬਾਅਦ ਪਲਵਲ ਦੇ ਵਿਧਾਇਕ ਦੀਪਕ ਮੰਗਲਾ ਜ਼ਖ਼ਮੀਆਂ ਨੂੰ ਮਿਲਣ ਜ਼ਿਲ੍ਹਾ ਸਿਵਲ ਹਸਪਤਾਲ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਇਸ ਦੇ ਨਾਲ ਹੀ ਸਾਬਕਾ ਮੰਤਰੀ ਕਰਨ ਦਲਾਲ ਵੀ ਹਸਪਤਾਲ ਪੁੱਜੇ ਅਤੇ ਜ਼ਖਮੀਆਂ ਨੂੰ ਮਿਲੇ।