ਦੇਵਰੀਆ, 30 ਮਾਰਚ : ਉੱਤਰ ਪ੍ਰਦੇਸ਼ ਦੇ ਦੇਵਰੀਆ ਦੀ ਬੜਹਜ ਤਹਿਸੀਲ ਅਧੀਨ ਪੈਂਦੇ ਭਲੂਆਨੀ ਨਗਰ ਪੰਚਾਇਤ ਦੇ ਡੁਮਰੀ ਵਾਰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਸਵੇਰੇ ਕਰੀਬ ਪੰਜ ਵਜੇ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ, ਜਿਸ ਕਾਰਨ ਸਿਲੰਡਰ ਫਟ ਗਿਆ। ਸਿਲੰਡਰ ਫਟਣ ਨਾਲ ਭਿਆਨਕ ਧਮਾਕਾ ਹੋਇਆ। ਸਿਲੰਡਰ ਫਟਣ ਦੀ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕਈ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦੀ ਜਾਂਚ ਵੀ ਕੀਤੀ। ਇਸ ਹਾਦਸੇ 'ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਡੁਮਰੀ ਦਾ ਰਹਿਣ ਵਾਲਾ ਸ਼ਿਵਸ਼ੰਕਰ ਗੁਪਤਾ ਪਾਵਰੋਟੀ ਵੇਚਦਾ ਹੈ। ਸਵੇਰੇ ਉਹ ਦੁਕਾਨ 'ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਉਸ ਦੀ ਪਤਨੀ ਆਰਤੀ ਦੇਵੀ ਚਾਹ ਬਣਾਉਣ ਲੱਗੀ। ਇਸ ਦੌਰਾਨ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅਚਾਨਕ ਸਿਲੰਡਰ ਫੱਟ ਗਿਆ। ਜਿਸ ਕਾਰਨ ਸ਼ਿਵਸ਼ੰਕਰ ਗੁਪਤਾ, ਪਤਨੀ ਆਰਤੀ ਦੇਵੀ (42 ਸਾਲ), ਬੇਟੀ ਆਂਚਲ (14 ਸਾਲ), ਸ੍ਰਿਸ਼ਟੀ (11 ਮਹੀਨੇ), ਪੁੱਤਰ ਕੁੰਦਨ (12 ਸਾਲ) ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ 'ਤੇ ਇੰਸਪੈਕਟਰ ਅਰਚਨਾ ਸਿੰਘ ਅਤੇ ਉਨ੍ਹਾਂ ਦੀ ਫੋਰਸ ਮੌਕੇ 'ਤੇ ਪਹੁੰਚ ਗਈ। ਡੀਐਮ ਅਖੰਡ ਪ੍ਰਤਾਪ ਸਿੰਘ, ਐਸਪੀ ਡਾ.ਸੰਕਲਪ ਸ਼ਰਮਾ, ਐਡੀਸ਼ਨਲ ਐਸਪੀ ਡਾ: ਭੀਮ ਕੁਮਾਰ ਗੌਤਮ, ਐਸਡੀਐਮ ਦਿਸ਼ਾ ਸ੍ਰੀਵਾਸਤਵ, ਸੀਓ ਅਦਿੱਤਿਆ ਕੁਮਾਰ ਗੌਤਮ ਆਦਿ ਨੇ ਮੌਕੇ ਦਾ ਜਾਇਜ਼ਾ ਲਿਆ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇੰਨੇ ਵੱਡੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਡੀਐਮ ਅਖੰਡ ਪ੍ਰਤਾਪ ਸਿੰਘ ਨੇ ਦੱਸਿਆ ਕਿ ਐਲਪੀਜੀ ਸਿਲੰਡਰ ਫਟਣ ਕਾਰਨ ਹਾਦਸਾ ਵਾਪਰਿਆ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੀ ਪ੍ਰਸ਼ਾਸਨਿਕ ਪੱਧਰ 'ਤੇ ਮਦਦ ਕੀਤੀ ਜਾਵੇਗੀ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।