ਸ਼੍ਰੀਨਗਰ, 11 ਜਨਵਰੀ : ਜੰਮੂ-ਕਸ਼ਮੀਰ ਵਿਖੇ ਕੁਪਵਾੜਾ ਦੇ ਮਾਛਲ ਸੈਕਟਰ 'ਚ ਫੌਜ ਦੇ ਇਕ ਜੇਸੀਓ ਸਮੇਤ 3 ਜਵਾਨ ਸ਼ਹੀਦ ਹੋ ਗਏ। ਇਹ ਤਿੰਨੋਂ ਫੌਜੀ ਭਾਰਤੀ ਫੌਜ ਦੀ ਚਿਨਾਰ ਕੋਰ ਦੇ ਸਿਪਾਹੀ ਸਨ। ਇਨ੍ਹਾਂ ਵਿੱਚ 1 ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਅਤੇ 2 ਓਆਰ (ਹੋਰ ਰੈਂਕ) ਦੀ ਟੀਮ ਨਿਯਮਤ ਕਾਰਵਾਈ ਲਈ ਰਵਾਨਾ ਹੋਈ ਸੀ। ਪਰ ਬਰਫਬਾਰੀ ਕਾਰਨ ਕਾਰ ਫਿਸਲ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਤਿੰਨੋਂ ਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।ਇਸ ਤੋਂ ਪਹਿਲਾਂ ਪਿਛਲੇ ਸਾਲ 18 ਨਵੰਬਰ ਨੂੰ ਵੀ ਮਾਛਿਲ ਸੈਕਟਰ ਵਿੱਚ ਹੀ ਅਜਿਹੀ ਹੀ ਘਟਨਾ ਵਾਪਰੀ ਸੀ। ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਨਾਲ ਫੌਜ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਹਾਦਸੇ ਬਾਰੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ ਫ਼ੌਜ ਦੀ 56 ਰਾਸ਼ਟਰੀ ਰਾਈਫ਼ਲਜ਼ (ਆਰਆਰ) ਦੇ ਤਿੰਨ ਜਵਾਨ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆ ਗਏ।ਤਲਾਸ਼ੀ ਮੁਹਿੰਮ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।