ਫਾਜਿ਼ਲਕਾ, 23 ਅਗਸਤ : ਫਾਜਿ਼ਲਕਾ ਜਿ਼ਲ੍ਹੇ ਵਿਚੋਂ ਲੰਘਦੀ ਸਤਲੁਜ਼ ਦੀ ਕਰੀਕ ਵਿਚ ਪਾਣੀ ਦਾ ਪੱਧਰ ਲਗਾਤਾਰ ਘੱਟਣ ਲੱਗਿਆ ਹੈ। ਕਾਂਵਾਂ ਵਾਲੀ ਪੁਲ ਜਿਸ ਦੇ ਉਪਰ ਤੋਂ ਪਾਣੀ ਵਹਿ ਰਿਹਾ ਸੀ ਹੁਣ ਉਸਦੇ ਉਪਰ ਦੀ ਪਾਣੀ ਨਹੀਂ ਵਹਿ ਰਿਹਾ ਹੈ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਅੱਜ ਹੁਸੈਨੀਵਾਲਾ ਤੋਂ 133000 ਕਿਉਸਿਕ ਪਾਣੀ ਦੀ ਨਿਕਾਸੀ ਹੋ ਰਹੀ ਸੀ। ਇਹ ਜਾਣਕਾਰੀ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਹੁਣ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋਣ ਤੋਂ ਬਾਅਦ ਪ੍ਰਸ਼ਾਸਨ ਦਾ ਜ਼ੋਰ ਇਸ ਗੱਲ ਤੇ ਰਹੇਗਾ ਕਿ ਹੜ੍ਹ ਬਾਅਦ ਵਾਲੇ ਇਸ ਸਮੇਂ ਵਿਚ ਕਿਸੇ ਬਿਮਾਰੀ ਦਾ ਪਸਾਰ ਇੰਨ੍ਹਾਂ ਪਿੰਡਾਂ ਵਿਚ ਨਾ ਹੋਵੇ ਇਸ ਲਈ ਮੈਡੀਕਲ ਟੀਮਾਂ ਨੂੰ ਲਗਾਤਾਰ ਪਿੰਡਾਂ ਵਿਚ ਭੇਜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਵੀ ਜਿੰਨ੍ਹਾਂ ਪਿੰਡਾਂ ਤੱਕ ਬੇੜੀ ਨਾਲ ਪਹੁੰਚ ਹੈ ਉਥੇ ਐਨਡੀਆਰਐਫ ਦੀਆਂ ਕਿਸਤੀਆਂ ਰਾਹੀਂ ਪੀਣ ਦਾ ਪਾਣੀ, ਰਾਸ਼ਨ ਅਤੇ ਹੋਰ ਸਮਾਨ ਪਹੁੰਚਾਇਆ ਜਾ ਰਿਹਾ ਹੈ।ਇਸਤੋਂ ਬਿਨ੍ਹਾਂ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਲਗਾਤਾਰ ਭੋਜਨ ਤੇ ਹੋਰ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ।ਰਾਹਤ ਕੈਂਪਾਂ ਵਿਚ ਲਗਭਗ 900 ਲੋਕ ਰਹਿ ਰਹੇ ਹਨ।ਇੱਥੇ ਇੰਨ੍ਹਾਂ ਦੇ ਜਾਨਵਰਾਂ ਨੂੰ ਵੀ ਫੀਡ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਹਤ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਊਨ੍ਹਾਂ ਦੀ ਜਰੂਰਤ ਅਨੁਸਾਰ ਮਦਦ ਪੰਹੁਚਾਈ ਜਾ ਰਹੀ ਹੈ। ਇਸ ਦੌਰਾਨ ਫਾ਼ਜਿਲ਼ਕਾ ਦੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਵੱਲੋਂ ਵੀ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਮੀਨੀ ਪੱਧਰ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।ਸਿਹਤ ਵਿਭਾਗ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੇ ਜਾਨਵਰਾਂ ਨੂੰ ਲੋੜੀਂਦੇ ਇਲਾਜ ਦੀ ਸੁਵਿਧਾ ਦੇ ਰਹੀਆਂ ਹਨ।