- ਲੋਕਾਂ ਨੂੰ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਪੀਣ ਦਾ ਪਾਣੀ : ਡਿਪਟੀ ਕਮਿਸ਼ਨਰ
ਫਾਜ਼ਿਲਕਾ 22 ਅਗਸਤ : ਫਾਜਿ਼ਲਕਾ ਜਿ਼ਲ੍ਹੇ ਵਿਚ ਮੰਗਲਵਾਰ ਨੂੰ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋਇਆ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਜ਼ੋ ਖੁਦ ਕਾਂਵਾਂ ਵਾਲੀ ਪੁਲ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪੁੱਜੇ ਸਨ ਨੇ ਦੱਸਿਆ ਕਿ ਕੱਲ ਦੇ ਮੁਕਾਬਲੇ ਪਾਣੇ ਦੇ ਪੱਧਰ ਵਿਚ 6 ਇੰਚ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦ ਕਿ ਹੁਸੈਨੀਵਾਲਾ ਤੋਂ ਨਿਕਾਸੀ ਵੀ ਕਾਫੀ ਘੱਟ ਗਈ ਹੈ।ਮੰਗਲਵਾਰ ਨੂੰ ਬਾਅਦ ਦੁਪਹਿਰ 1 ਵਜੇ ਹੁਸੈਨੀਵਾਲਾ ਤੋਂ 138348 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਇਕ ਦੋ ਦਿਨਾਂ ਵਿਚ ਹੋਰ ਰਾਹਤ ਮਿਲਣ ਦੀ ਆਸ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਵਾਂ ਵਾਲੀ ਪੁਲ ਤੇ ਐਨਡੀਆਰਐਫ ਦੀਆਂ ਕਿਸਤੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਪਹਿਲਾਂ ਇੱਥੇ 3 ਕਿਸਤੀਆਂ ਕੰਮ ਕਰ ਰਹੀਆਂ ਸਨ ਪਰ ਹੁਣ ਇੰਨ੍ਹਾਂ ਦੀ ਗਿਣਤੀ ਦੁੱਗਣੀ ਕੀਤੀ ਜਾ ਰਹੀ ਹੈ। ਇਸ ਤਰਾਂ ਨਾਲ ਰਾਹਤ ਸਮੱਗਰੀ ਭੇਜਣ ਤੇ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਣ ਵਿਚ ਹੋਰ ਸੌਖ ਹੋਵੇਗੀ।ਇਸਤੋਂ ਬਿਨ੍ਹਾਂ ਖਾਲਸਾ ਏਡ ਵੱਲੋਂ ਵੀ ਇਕ ਕਿਸਤੀ ਇੱਥੇ ਰਾਹਤ ਕਾਰਜਾਂ ਵਿਚ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋਣ ਨਾਲ ਹੁਣ ਸਾਡੇ ਲੋਕਾਂ ਦਾ ਹੌਂਸਲਾ ਮੁੜ ਮਜਬੂਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਐਨਡੀਆਰਐਫ ਦੀਆਂ ਕਿਸਤੀਆਂ ਰਾਹੀਂ ਪੀਣ ਦਾ ਪਾਣੀ ਅਤੇ ਰਾਸ਼ਨ ਪਾਣੀ ਵਿਚ ਘਿਰੇ ਲੋਕਾਂ ਤੱਕ ਲਗਾਤਾਰ ਭੇਜਿਆ ਜਾ ਰਿਹਾ ਹੈ ਅਤੇ ਜ਼ੇਕਰ ਕਿਤੇ ਕੋਈ ਪਾਣੀ ਵਿਚ ਫਸਿਆ ਹੈ ਤਾਂ ਉਸਨੂੰ ਬਾਹਰ ਕੱਢਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦੇ ਕੈਂਪਰ ਤੇ ਬੋਤਲਾਂ ਲਗਾਤਾਰ ਪਿੰਡਾਂ ਵਿਚ ਪਹੁੰਚਾਈਆਂ ਜਾ ਰਹੀਆਂ ਹਨ। ਜਦ ਕਿ ਪਸੂਆਂ ਲਈ ਕੈਟਲ ਫੀਡ ਦੀ ਵੰਡ ਪਹਿਲਾਂ ਹੀ ਪਾਣੀ ਆਉਣ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਤੱਕ ਹੜ੍ਹ ਵਿਚ ਫਸੇ 1114 ਲੋਕਾਂ ਨੂੰ ਕਿਸਤੀਆਂ ਰਾਹੀਂ ਬਾਹਰ ਕੱਢਿਆ ਗਿਆ ਹੈ ਜਦ ਕਿ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਪਾਣੀ ਆਉਣ ਤੋਂ ਪਹਿਲਾਂ ਸੜਕੀਂ ਰਾਸਤੇ ਸੁਰੱਖਿਅਤ ਆ ਗਏ ਸਨ। ਇਸਤੋਂ ਬਿਨ੍ਹਾਂ ਲਗਾਤਾਰ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।