ਫ਼ਤਹਿਗੜ੍ਹ ਸਾਹਿਬ, 23 ਅਗਸਤ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਦਿਹਾਤੀ ਖੇਤਰ ਦੀਆਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਪਿੰਡ ਚੁੰਨੀ ਮਾਜਰਾ ਦੀਆਂ ਲੜਕੀਆਂ ਨੂੰ ਸਿਲਾਈ ਅਤੇ ਕਪੜਿਆਂ ਦੇ ਮੁੱਲ ਵਧਾਉਣ ਦੀ ਸਿਖਲਾਈ ਦੇਣ ਵਾਸਤੇ ਕਿੱਤਾ ਮੁਖੀ ਕੋਰਸ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਵੱਡੀ ਗਿਣਤੀ ਲੜਕੀਆਂ ਨੇ ਭਾਗ ਲਿਆ। ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ: ਵਿਪਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਅਜਿਹੇ ਕਿੱਤਾ ਮੁਖੀ ਕੋਰਸ ਪਿੰਡ ਦੀਆਂ ਲੜਕੀਆਂ ਦੇ ਹੁਨਰ ਨੂੰ ਨਿਖਾਰ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਬਹੁਤ ਜਰੂਰੀ ਹਨ ਤਾਂ ਜੋ ਉਹ ਆਪਣੇ ਪੈਰ੍ਹਾਂ ਤੇ ਖੜੀਆਂ ਹੋ ਸਕਣ। ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ: ਮਨੀਸ਼ਾ ਭਾਟੀਆ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਲੜਕੀਆਂ ਨੂੰ ਕਪੜਿਆਂ ਦੇ ਮੁੱਲ ਵਧਾਉਣ ਦੇ ਵੱਖ-ਵੱਖ ਤਰੀਕੇ ਜਿਵੇਂ ਕਿ ਬਲਾਕ ਪ੍ਰਿੰਟਿੰਗ, ਸਟੇਨਸਿਲ ਪ੍ਰਿੰਟਿੰਗ, ਟਾਈ ਅਤੇ ਡਾਈ, ਕਪੜਿਆਂ ਤੋਂ ਦਾਗ ਉਤਾਰਨਾ ਅਤੇ ਅਜ਼ੌਕੇ ਫੈਸ਼ਨ ਦੇ ਕਪੜਿਆਂ ਦੀ ਸਿਲਾਈ ਬਾਰੇ ਦੱਸਿਆ ਗਿਆ। ਜਿਨ੍ਹਾਂ ਨਾਲ ਦਿਹਾਤੀ ਖੇਤਰ ਦੀਆਂ ਲੜਕੀਆਂ ਆਤਮ ਨਿਰਭਰ ਹੋ ਕੇ ਆਪਣੇ ਪਰਿਵਾਰਾਂ ਦਾ ਆਰਥਿਕ ਪੱਧਰ ਉਚਾ ਚੁੱਕ ਸਕਦੀਆਂ ਹਨ। ਉਨ੍ਹਾਂ ਕਪੜਿਆਂ ਦੀ ਸਿਲਾਈ ਕਰਨ ਸਮੇਂ ਸਿਲਾਈ ਕੰਮਾਂ ਦਾ ਲੇਖਾ ਜੋਖਾ ਰੱਖਣ ਤੇ ਵੀ ਜੋਰ ਦਿੱਤਾ। ਇਸ ਮੌਕੇ ਸਿਖਿਆਰਥਣਾਂ ਨੇ ਕਿਹਾ ਕਿ ਅਜਿਹੇ ਕੋਰਸ ਵੱਧ ਤੋਂ ਵੱਧ ਪਿੰਡਾਂ ਵਿੱਚ ਲਗਾਉਣੇ ਚਾਹੀਦੇ ਹਨ ਤਾਂ ਜੋ ਦਿਹਾਤੀ ਖੇਤਰ ਦੀਆਂ ਲੜਕੀਆ ਜੋ ਕਿ ਬਾਹਰ ਜਾ ਕੇ ਸਿਖਲਾਈ ਲੈਣ ਤੋਂ ਅਸਮਰਥ ਹਨ ਇਨ੍ਹਾਂ ਕੋਰਸਾਂ ਦਾ ਲਾਹਾ ਲੈ ਸਕਣ।