- ਖੇਤੀਬਾੜੀ ਵਿਭਾਗ ਨੂੰ ਝੋਨੇ ਦੀ ਫ਼ਸਲ ਲਈ ਲੋੜੀਂਦਾ ਯੂਰੀਆ ਮੁਹੱਈਆ ਕਰਵਾਉਣ ਦੇ ਨਿਰਦੇਸ਼
ਪਟਿਆਲਾ, 17 ਅਗਸਤ : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਜ਼ਿਲ੍ਹੇ ਅੰਦਰ ਯੂਰੀਆ ਲੋੜੀਂਦੀ ਮਾਤਰਾ ਵਿੱਚ ਉਪਲਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਲੋੜੀਂਦਾ ਯੂਰੀਆ ਮੁਹੱਈਆ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਤੇ ਖੇਤੀਬਾੜੀ ਅਫ਼ਸਰ ਅਵਨਿੰਦਰ ਮਾਨ ਸਮੇਤ ਹੋਰ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਯੂਰੀਆ ਦੀ ਉਪਲਬੱਧਤਾ ਬਾਰੇ ਜਾਇਜ਼ਾ ਬੈਠਕ ਕੀਤੀ। ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਰੀਆ ਨੂੰ ਲੈਕੇ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਕਿਉਂਕਿ ਜ਼ਿਲ੍ਹੇ ਅੰਦਰ 2 ਲੱਖ 32 ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਫ਼ਸਲ ਉਗਾਈ ਜਾ ਰਹੀ ਹੈ, ਜਿਸ ਲਈ ਇਸ ਸੀਜਨ ਲਈ ਯੂਰੀਆ ਦੀ ਕੁਲ ਮੰਗ 91 ਹਜ਼ਾਰ ਮੀਟ੍ਰਿਕ ਟਨ ਹੈ ਅਤੇ ਹੜ੍ਹਾਂ ਕਰਕੇ ਝੋਨਾ ਦੁਬਾਰਾ ਲਗਾਉਣ ਕਰਕੇ 10 ਹਜ਼ਾਰ ਵਾਧੂ ਯੂਰੀਆ ਦੀ ਮੰਗ ਪੈਦਾ ਹੋਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 95000 ਮੀਟ੍ਰਿਕ ਟਨ ਯੂਰੀਆ ਦੀ ਆਮਦ ਹੋ ਚੁੱਕੀ ਹੈ। ਜਦੋਂਕਿ ਯੂਰੀਆ ਦੀ 60 ਫੀਸਦੀ ਪੂਰਤੀ ਮਾਰਕਫੈਡ ਰਾਹੀਂ ਸਹਿਕਾਰੀ ਸਭਾਵਾਂ ਲਈ ਕੀਤੀ ਜਾ ਚੁੱਕੀ ਹੈ। ਐਨ.ਐਫ.ਐਲ, ਚੰਬਲ ਫਰਟੀਲਾਈਜਰ, ਇਫਕੋ, ਕ੍ਰਿਭਕੋ ਅਤੇ ਆਰ.ਸੀ.ਐਫ. ਤੋਂ ਰਾਜਪੁਰਾ, ਨਾਭਾ ਤੇ ਸੁਨਾਮ ਵਿਖੇ ਰੇਲ ਰੇਕਾਂ ਰਾਹੀਂ ਪੁੱਜ ਰਹੇ ਲੋੜੀਂਦੇ ਯੂਰੀਆ ਦੀ ਸਪਲਾਈ ਅੱਗੇ ਸੜਕੀ ਰਸਤੇ ਰਾਹੀਂ ਕਿਸਾਨਾਂ ਦੀ ਮੰਗ ਮੁਤਾਬਕ ਖੇਤਾਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਡੀ.ਸੀ. ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਲੋੜੀਂਦਾ ਯੂਰੀਆ ਉਪਲਬੱਧ ਕਰਵਾਉਣ। ਉਨ੍ਹਾਂ ਨੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਵਲ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਹੀ ਝੋਨੇ ਦੀ ਫ਼ਸਲ ਲਈ ਯੂਰੀਆ ਦੀ ਵਰਤੋਂ ਕਰਨ। ਮੀਟਿੰਗ ਮੌਕੇ ਰਵਿੰਦਰ ਸਿੰਘ ਚੱਠਾ ਤੇ ਹੋਰ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ।