ਫਰੀਦਕੋਟ, 21 ਅਗਸਤ : ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਅਸ਼ੋਕ ਚੱਕਰ ਹਾਲ ਡੀ. ਸੀ ਦਫਤਰ ਫਰੀਦਕੋਟ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ, ਡਾ. ਚੰਦਰ ਸ਼ੇਖਰ ਕੱਕੜ, ਕਾਰਜਕਾਰੀ ਜ਼ਿਲਾ ਟੀਕਾਕਰਨ ਅਫਸਰ ਡਾ. ਰਾਜੀਵ ਭੰਡਾਰੀ, ਡਾ. ਮੈਰੀ, ਡਾ. ਮੇਘਾ ਪ੍ਰਕਾਸ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਸ਼ਾਮਲ ਹੋਏ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਹਤ ਵਿਭਾਗ ਦੇ ਮਿਸ਼ਨ ਇੰਦਰਧਨੁਸ਼ ਮੁਹਿੰਮ 'ਚ ਪੂਰਨ ਸਹਿਯੋਗ ਦੇਣ। ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ 0 ਤੋਂ 5 ਸਾਲ ਤੱਕ ਦੇ ਬੱਚਿਆ ਤੇ ਗਰਭਵਤੀਆਂ ਦੇ 100 ਫ਼ੀਸਦੀ ਟੀਕਾਕਰਨ ਲਈ ਤਿੰਨ ਗੇੜਾਂ 'ਚ ਤੀਬਰ ਮਿਸ਼ਨ ਇੰਦਰਧਨੁਸ਼-5.0 ਚਲਾਇਆ ਜਾਵੇਗਾ। ਸ਼ਡਿਊਲ ਮੁਤਾਬਕ ਪਹਿਲੇ ਗੇੜ ਦਾ ਆਗਾਜ਼ 11 ਸਤੰਬਰ, ਦੂਜਾ ਗੇੜ 9 ਅਕਤੂਬਰ ਤੋਂ ਚਲਾਇਆ ਜਾਵੇਗਾ। ਜੋ ਕਿ 14 ਅਕਤੂਬਰ ਤਕ ਜਾਰੀ ਰਹੇਗਾ। ਤੀਜਾ ਗੜ ਨਵੰਬਰ ਮਹੀਨੇ ਦੇ ਚੌਥੇ ਹਫਤੇ 20 ਨਵੰਬਰ ਤੋਂ 25 ਨਵੰਬਰ ਤਕ ਚੱਲੇਗਾ।ਇਸ ਮਿਸ਼ਨ ਦਾ ਮੁੱਖ ਮੰਤਵ ਬੱਚਿਆਂ ਤੇ ਔਰਤਾਂ ਦਾ ਸੰਪੂਰਣ ਟੀਕਾਕਰਨ ਕਰਕੇ ਜੱਚਾ ਅਤੇ ਬੱਚਾ ਦੀ ਮੌਤ ਦਰ ਨੂੰ ਘਟਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਮਿਸ਼ਨ ਬਹੁਤ ਹੀ ਮਹੱਤਵਪੂਰਣ ਹੈ ਅਤੇ ਹਰ ਮਹੀਨੇ ਲਗਾਤਾਰ 6 ਦਿਨ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹਨਾਂ ਤਿੰਨਾਂ ਗੇੜਾਂ ਦੇ ਲਾਭਪਾਤਰੀਆਂ ਨੂੰ ਯੂ-ਵਿਨ ਪੋਰਟਲ ਰਾਹੀਂ ਰਜਿਸਟਰ ਤੇ ਵੈਕਸੀਨੇਟ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਰਾਜੀਵ ਭੰਡਾਰੀ ਨੇ ਦੱਸਿਆ ਕਿ ਇੰਨਟੈਸਫਾਈਡ ਮਿਸ਼ਨ ਇੰਦਰਧਨੁਸ਼ 5.0 ਦੇ ਪ੍ਰੋਗਰਾਮ ਤਹਿਤ ਜਿਹੜੇ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦਾ ਟੀਕਾਕਰਨ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਣਾ ਹੈ।