ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ : ਚੇਤਨ ਸਿੰਘ ਜੌੜਾਮਾਜਰਾ

ਸਮਾਣਾ : ਦਿਵਿਆਂਗਜਨ ਵਿਅਕਤੀਆਂ ਨੂੰ ਨਕਲੀ ਅੰਗ, ਵੀਲ ਚੇਅਰ, ਟ੍ਰਾਈਸਾਇਕਲ, ਨੇਤਰਹੀਣਾਂ ਨੂੰ ਸਟਿੱਕ ਆਦਿ ਦੇਣ ਲਈ ਸਬ ਡਵੀਜ਼ਨ ਸਮਾਣਾ ਅਤੇ ਪਾਤੜਾਂ ਦਾ ਅਸੈਸਮੈਂਟ ਕੈਂਪ ਮਾਤਾ ਨੈਣਾਂ ਆਰੀਆ ਧਰਮਸ਼ਾਲਾ  ਸਮਾਣਾ ਵਿਖੇ ਲਗਾਇਆ ਗਿਆ। ਜਿਥੇ ਅਲਿਮਕੋ ਦੀ ਟੀਮ ਵੱਲੋਂ 142 ਦਿਵਿਆਂਗਜਨ ਵਿਅਕਤੀਆਂ ਦੀ ਅਸੈਸਮੈਂਟ ਵੱਖ ਵੱਖ ਨਕਲੀ ਅੰਗਾਂ, ਵੀਲ ਚੇਅਰ, ਟ੍ਰਾਈਸਾਇਕਲ, ਮੋਟਰਾਈਜ਼ਡ ਟ੍ਰਾਈਸਾਇਕਲ ਆਦਿ ਲਈ ਕੀਤੀ ਗਈ। ਅਸੈਸਮੈਂਟ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋੜਵੰਦਾਂ ਲਈ ਬਹੁਤ ਸਹਾਈ ਹੁੰਦੇ ਹਨ ਜਿਥੇ ਇੱਕ ਛੱਤ ਥੱਲੇ ਹੀ ਸਾਰੀਆਂ ਸਹੂਲਤਾਂ ਉਪਲਬਧ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਹੋਰਨਾਂ ਖੇਤਰਾਂ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਲੋੜਵੰਦਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਹੂਲਤ ਉਪਲਬਧ ਹੋ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਅਤੇ ਅਲਿਮਕੋ(ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੇ ਕੈਂਪ ਵਿੱਚ ਮਦਨ ਮਿੱਤਲ ਸਾਬਕਾ ਕੌਂਸਲਰ ਅਤੇ ਬਲਕਾਰ ਸਿੰਘ ਓ.ਐਸ.ਡੀ. ਟੂ ਸਿਹਤ ਮੰਤਰੀ ਪੰਜਾਬ ਵੱਲੋਂ ਉਚੇਚੇ ਤੌਰ ਸ਼ਿਰਕਤ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਲਾਰਸਨ ਸਿੰਗਲਾ, ਗੁਰਪਿਆਰ ਸਿੰਘ ਦਿਓਗੜ੍ਹ ਐਨ.ਜੀ.ਓ. ਬਾਬਾ ਦੀਪ ਸਿੰਘ ਯੂਥ ਕਲੱਬ, ਅਵਤਾਰ ਸਿੰਘ ਦਿਓਗੜ੍ਹ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ ਦੇ ਸਟਾਫ਼, ਮਾਤਾ ਨੈਣਾਂ ਆਰੀਆ ਧਰਮਸ਼ਾਲਾ ਦੇ ਪ੍ਰਬੰਧਕਾਂ ਅਤੇ ਈ.ਓ. ਦਫ਼ਤਰ ਸਮਾਣਾ ਦੇ ਕਰਮਚਾਰੀਆਂ ਵੱਲੋਂ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦਿੱਤਾ।  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਅਸੈਸਮੈਂਟ ਕੀਤੇ ਗਏ ਵਿਅਕਤੀਆਂ ਦੇ ਨਕਲੀ ਅੰਗ ਅਤੇ ਹੋਰ ਉਪਕਰਨ/ਵੀਲ ਚੇਅਰ/ਸਟਿੱਕ/ਟ੍ਰਾਈਸਾਇਕਲ/ਮੋਟਰਾਈਜ਼ਡ ਟ੍ਰਾਈਸਾਇਕਲ ਅਲਿਮਕੋ ਵੱਲੋਂ ਤਿਆਰ ਕਰਵਾ ਕੇ ਜਲਦ ਹੀ ਭੇਜੇ ਜਾਣਗੇ।