- ਲੋਹੇ ਦਾ ਕਬਾੜ ਢੋਹਣ ਵਾਲੇ ਵਾਹਨਾਂ ਦੀ ਕੀਤੀ ਜਾਂਚ
ਫਤਹਿਗੜ੍ਹ ਸਾਹਿਬ, 16 ਅਗਸਤ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਹੁਕਮਾਂ ਤਹਿਤ ਅੱਜ ਆਬਕਾਰੀ ਤੇ ਕਰ ਅਤੇ ਮੰਡੀ ਗੋਬਿੰਦਗੜ੍ਹ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਚੈਕਿੰਗ ਦੌਰਾਨ 101 ਵਾਹਨਾਂ ਵਿਰੁੱਧ ਲੋੜੀਂਦੇ ਦਸਤਾਵੇਜ ਨਾ ਹੋਣ ਕਾਰਨ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿੱਤੀ ਕਮਿਸ਼ਨਰ (ਕਰ) ਸ੍ਰੀ ਵਿਕਾਸ ਪ੍ਰਤਾਪ ਅਤੇ ਕਰ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਵੱਲੋਂ ਇਸ ਵਿਸ਼ੇਸ਼ ਚੈਕਿੰਗ ਲਈ ਵਿਭਾਗ ਦੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਨਟਿਵ ਯੂਨਿਟਾਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਚੈਕਿੰਗ ਦੌਰਾਨ ਲੋਹੇ ਦਾ ਕਬਾੜ ਅਤੇ ਤਿਆਰ ਮਾਲ ਢੋਹਣ ਵਾਲੇ ਵਾਹਨਾਂ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਜਿੰਨ੍ਹਾ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿਚੋਂ ਬਹੁਤਿਆਂ ਕੋਲ ਢੋਏ ਜਾ ਰਹੇ ਮਾਲ ਸਬੰਧੀ ਈ-ਵੇਅ ਬਿੱਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਡਾਟਾ ਮਾਈਨਿੰਗ ਦੌਰਾਨ ਅਜਿਹੀਆਂ ਬੇਨਿਯਮੀਆਂ ਪਾਰਟੀਆਂ ਤੋਂ ਖਰੀਦ ਦਾ ਪਤਾ ਚੱਲਿਆ ਹੈ ਜਿੰਨ੍ਹਾਂ ਵਲੋਂ ਸਰਕਾਰੀ ਖਜ਼ਾਨੇ ਵਿਚ ਟੈਕਸ ਨਹੀਂ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਕੰਮਲ ਪੜਤਾਲ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ ਤਕਰੀਬਨ ਇੱਕ ਕਰੋੜ ਰੁਪਏ ਤੋਂ ਵੱਧ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ। ਇਸੇ ਦੌਰਾਨ ਆਬਕਾਰੀ ਤੇ ਕਰ ਮੰਤਰੀ ਸ. ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਵੱਖ-ਵੱਖ ਸੂਤਰਾਂ ਤੋਂ ਵਾਰ-ਵਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਕੁਝ ਫਰਮਾਂ ਅਤੇ ਟਰੱਕਾਂ ਵਲੋਂ ਜੀ.ਐੱਸ.ਟੀ ਦੀ ਚੋਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਸੂਚਨਾ ਦੇ ਮੱਦੇਨਜ਼ਰ ਸਰਕਾਰੀ ਮਾਲੀਏ ਦੀ ਚੋਰੀ ਰੋਕਣ ਲਈ ਵਿਭਾਗ ਵਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਕਰ ਵਿਭਾਗ ਇਮਾਨਦਾਰ ਕਰਦਾਤਾਵਾਂ ਨੂੰ ਹਰ ਸੰਭਵ ਸਹੂਲਤ ਪਹੁੰਚਾਉਣ ਲਈ ਵਚਨਬੱਧ ਉਥੇ ਕਰ ਚੋਰੀ ਕਰਨ ਵਾਲਿਆਂ ਦੇ ਖਿਲਾਫ ਕਰ ਵਿਭਾਗ ਵਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ।