ਬਰਨਾਲਾ, 21 ਅਗਸਤ : ਪਿੰਡ ਭੈਣੀ ਮਹਿਰਾਜ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸੋਚ ਸਦਕਾ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਲੋਕ ਭਲਾਈ ਉਪਰਾਲੇ ਜਾਰੀ ਹਨ। ਇਨ੍ਹਾਂ ਉਪਰਾਲਿਆਂ ਦੀ ਲੜੀ ਹੇਠ ਗੁਰੂ ਤੇਗ ਬਹਾਦਰ ਟੀਮ ਅਤੇ ਵੈਲਫੇਅਰ ਸੋਸਾਇਟੀ ਫਾਰ ਸਟੂਡੈਂਟਸ ਦੇ ਉੱਦਮ ਨਾਲ 23 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਵਿਖੇ ਪ੍ਰੋਗਰਾਮ 'ਨਵੀਆਂ ਪੁਲਾਂਘਾਂ' ਤਹਿਤ ਮਾਤਾ ਜੀਤੋ ਜੀ ਕੰਨਿਆ ਸਮ੍ਰਿਤੀ ਯੋਜਨਾ ਅਤੇ ਮਾਤਾ ਗੁਜਰੀ ਸ਼ਗਨ ਸਕੀਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪ੍ਰਧਾਨਗੀ ਡਾਕਟਰ ਗੁਰਬਚਨ ਸਿੰਘ ਚੇਅਰਮੈਨ ਹਰਿਆਣਾ ਟੀ ਐਫ ਕਿਸਾਨ ਕਲਿਆਣ ਨੀਤੀ ਅਤੇ ਸਾਬਕਾ ਖੇਤੀ ਕਮਿਸ਼ਨਰ ਭਾਰਤ ਸਰਕਾਰ ਕਰਨਗੇ। ਗੁਰੂ ਤੇਗ ਬਹਾਦਰ ਟੀਮ ਦੇ ਮੈਂਬਰ ਗਗਨਦੀਪ ਸਿੰਘ ਢਿੱਲੋਂ ਤੇ ਡਾਕਟਰ ਨਛੱਤਰ ਸਿੰਘ ਨੇ ਦੱਸਿਆ ਕਿ ਲੜਕੀਆਂ ਲਈ ਸ਼ਗਨ ਸਕੀਮ ਦੀ ਸ਼ੁਰੂਆਤ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਹੋਵੇਗਾ। ਇਸ ਮੌਕੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਅਤੇ ਔਰਤਾਂ ਦੀ ਭਲਾਈ ਲਈ ਫੈਸਲੇ ਲਏ ਜਾਣਗੇ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਦਿਵਾਨਾ ਦੀ ਟੀਮ ਵੱਲੋਂ ਨਾਟਕ ਖੇਡੇ ਜਾਣਗੇ ਅਤੇ ਸਨਮਾਨਯੋਗ ਹਸਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।