ਮਾਨਸਾ, 30 ਜੁਲਾਈ : ਪਿੰਡ ਮੂਸਾ ਵਿੱਚ ਮੀਂਹ ਪੈਣ ਕਾਰਨ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੂਸਾ ਵਿੱਚ ਮਜ਼ਦੂਰ ਪਰਿਵਾਰ ਦੇ ਪਤੀ ਪਤਨੀ ਘੁਕਰ ਸਿੰਘ ਤੇ ਰਾਣੀ ਕੌਰ ਆਪਣੇ ਘਰ ਵਿੱਚ ਸੌ ਰਹੇ ਸਨ ਕਿ ਅਚਾਨਕ ਭਾਰੀ ਮੀਂਹ ਪੈਣ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ। ਜਿਸ ਵਿੱਚ ਰਾਣੀ ਕੌਰ (48) ਦੀ ਮੌਤ ਹੋ ਗਈ। ਜਦੋਂ ਕਿ ਉਸਦਾ ਪਤੀ ਘੁਕਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਮਾਨਸਾ ਦੇ ਸਰਾਕਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਇਸ ਤੋਂ ਬਾਅਦ ਪਟਿਆਲਾ ਭੇਜ ਦਿੱਤਾ ਗਿਆ, ਮ੍ਰਿਤਕ ਔਰਤ ਪਿੱਛੇ ਦੋ ਪੁੱਤਰ ਅਤੇ ਦੋ ਧੀਆਂ ਛੱਡ ਗਈ। ਇਸ ਮੌਕੇ ਥਾਣਾ ਸਦਰ ਮਾਨਸਾ ਦੇ ਇੰਚਾਰਜ ਜਗਦੇਵ ਸਿੰਘ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਹਾਦਸੇ ਲਈ ਸਰਕਾਰ ਨੂੰ ਜ਼ਿੰਮੇਵਾਰ : ਬਲਕੌਰ ਸਿੰਘ ਸਿੱਧੂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਹਾਦਸੇ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਕਿ ਉਨ੍ਹਾਂ ਦੇ ਪਿੰਡ 55 ਗ੍ਰਾਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਮਨਜ਼ੂਰ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਹੁਣ ਤੱਕ 10 ਘਰਾਂ ਦੇ ਪੈਸੇ ਆਏ ਹਨ ਅਤੇ ਹੋਰ ਘਰਾਂ ਨੂੰ ਮਦਦ ਦੀ ਰਕਮ ਨਾ ਮਿਲਣ ਕਾਰਨ ਉਕਤ ਮਹਿਲਾ ਵੀ ਆਪਣੇ ਘਰ ਨੂੰ ਪਾਸ ਕਰਾਉਣ ਲਈ ਦਫ਼ਤਰਾਂ ਦੇ ਚੱਕਰ ਕੱਢਦੀ ਰਹੀ, ਪ੍ਰੰਤੂ ਅੱਜ ਤੱਕ ਉਨ੍ਹਾਂ ਦੀ ਰਕਮ ਮਨਜ਼ੂਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਜਿਹੀ ਨੀਤੀ ਬਣਾਉਣ ਦਾ ਕੀ ਲਾਭ, ਜਦੋਂ ਸਮੇਂ ਉਤੇ ਪਰਿਵਾਰਾਂ ਨੂੰ ਪੈਸੇ ਭੇਜਣੇ ਹੀ ਨਹੀਂ ਹਨ।
ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਬਣਦੀ ਮਦਦ ਦਿਵਾਉਣਗੇ : ਵਿਧਾਇਕ ਬਣਾਵਾਲੀ
ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਜ਼ਿਲ੍ਹਾ ਹਸਪਤਾਲ ਵਿੱਚ ਜ਼ਖਮੀ ਘੁਕਰ ਸਿੰਘ ਦਾ ਵੀ ਹਾਲ ਜਾਣਿਆ ਅਤੇ ਉਸਦੇ ਇਲਾਜ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਬਣਦੀ ਮਦਦ ਦਿਵਾਉਣਗੇ।