- ਵਿਸ਼ੇਸ਼ ਪੋਰਟਲ www.khedanwatanpunjabdia.com 'ਤੇ ਮੁਫ਼ਤ ਰਜਿਸਟ੍ਰੇਸ਼ਨ ਦੀ ਸਹੂਲਤ
- ਬਰਨਾਲਾ ਵਿੱਚ ਨੈੱਟਬਾਲ, ਬੈਡਮਿੰਟਨ ਤੇ ਟੇਬਲ ਟੈਨਿਸ ਲਈ ਹੋਣਗੇ ਰਾਜ ਪੱਧਰੀ ਮੁਕਾਬਲੇ
- ਖੇਡ ਮੁਕਾਬਲਿਆਂ ਵਿੱਚ ਪੰਜ ਨਵੀਂਆਂ ਖੇਡਾਂ ਸਾਈਕਲਿੰਗ, ਘੋੜਸਵਾਰ, ਰਗਬੀ, ਵੁਸ਼ੂ ਤੇ ਵਾਲੀਬਾਲ ਸ਼ੂਟਿੰਗ ਵੀ ਸ਼ਾਮਲ
ਬਰਨਾਲਾ, 21 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ 29 ਅਗਸਤ ਤੋਂ "ਖੇਡਾਂ ਵਤਨ ਪੰਜਾਬ ਦੀਆਂ 2023” ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀ/ਟੀਮਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ - ਕਮ - ਐਂਟਰੀ www.khedanwatanpunjabdia.com 'ਤੇ ਕਰਵਾ ਸਕਦੇ ਹਨ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੇ ਦੱਸਿਆ ਕਿ ਇਹ ਖੇਡ ਮੁਕਾਬਲੇ 29 ਅਗਸਤ ਤੋਂ ਸ਼ੁਰੂ ਹੋਣਗੇ, ਜਿਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਇਸ ਪੋਰਟਲ ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜ ਨਵੀਂਆਂ ਖੇਡਾਂ ਸਾਈਕਲਿੰਗ, ਘੋੜਸਵਾਰ, ਰਗਬੀ, ਵੁਸ਼ੂ ਅਤੇ ਵਾਲੀਬਾਲ ਸ਼ੂਟਿੰਗ ਵੀ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਖੇਡਾਂ ਬਲਾਕ, ਜ਼ਿਲ੍ਹਾ ਪੱਧਰ ਤੇ ਰਾਜ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਹਨ। ਬਲਾਕ ਪੱਧਰੀ ਖੇਡਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੈ, ਜੋ ਕਿ 28 ਅਗਸਤ ਤੱਕ ਹੋਵੇਗੀ। ਜ਼ਿਲ੍ਹਾ ਪੱਧਰੀ ਰਜਿਸਟ੍ਰੇਸ਼ਨ 29 ਅਗਸਤ ਤੋਂ 10 ਸਤੰਬਰ ਤੱਕ ਹੋਵੇਗੀ। ਰਾਜ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 15 ਸਤੰਬਰ ਤੋਂ 25 ਸਤੰਬਰ ਤੱਕ ਹੋਵੇਗੀ। ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਮੈਡਮ ਉਮੇਸ਼ਵਰੀ ਸ਼ਰਮਾ ਦੇ ਦੱਸਿਆ ਕਿ ਬਰਨਾਲਾ ਵਿੱਚ ਨੈੱਟਬਾਲ, ਬੈਡਮਿੰਟਨ ਤੇ ਟੇਬਲ ਟੈਨਿਸ ਲਈ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਤੋਂ ਇਲਾਵਾ 21 ਤੋਂ 30, 31 ਅਤੇ 40, 41 ਤੋਂ 55 , 56 ਤੋਂ 65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਦੇ ਓਪਨ ਗਰੁੱਪਾਂ ਸਮੇਤ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਬਲਾਕ ਪੱਧਰੀ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ ( ਸਰਕਲ ਸਟਾਈਲ), ਕਬੱਡੀ ਨੈਸ਼ਨਲ ਸਟਾਈਲ), ਖੋ-ਖੋ, ਰੱਸਾਕਸ਼ੀ ,ਵਾਲੀਬਾਲ (ਸਮੈਸ਼ਿੰਗ) ਵਾਲੀਬਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ 'ਤੇ ਅਥਲੈਟਿਕਸ, ਬੈਡਮਿੰਟਨ, ਬਾਕਸਿੰਗ, ਕਿੱਕ ਬਾਕਸਿੰਗ,ਚੈੱਸ, ਫੁੱਟਬਾਲ, ਗਤਕਾ, ਜੂਡੋ, ਹਾਕੀ, ਹੈਂਡਬਾਲ, ਕਬੱਡੀ ( ਸਰਕਲ ਸਟਾਈਲ), ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ, ਨੈੱਟਬਾਲ,ਪਾਵਰ ਲਿਫ਼ਟਿੰਗ,ਸ਼ੂਟਿੰਗ, ਸਾਫ਼ਟ ਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ), ਵੇਟ ਲਿਫ਼ਟਿੰਗ ਅਤੇ ਕੁਸ਼ਤੀ ਆਦਿ ਦੀਆਂ ਖੇਡਾਂ ਹੋਣਗੀਆਂ। ਉਨ੍ਹਾਂ ਹੋਰ ਦੱਸਿਆ ਕਿ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਤੀਰ-ਅੰਦਾਜ਼ੀ, ਸਾਈਕਲਿੰਗ, ਘੋੜ ਸਵਾਰੀ, ਤਲਵਾਰਬਾਜ਼ੀ, ਜਿਮਨਾਸਟਿਕ, ਕੁਕਿੰਗ ਐਂਡ ਪਲੋਇੰਗ, ਰੋਲਰ ਸਕੇਟਿੰਗ, ਰੋਇੰਗ, ਰਗਬੀ ਤੇ ਵੁਸ਼ੂ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਖੇਡ ਮੇਲੇ ਵਿੱਚ ਦਿਵਿਆਂਗਜਨ ਖਿਡਾਰੀਆਂ ਤੇ ਵਿਸ਼ੇਸ਼ ਖਿਡਾਰੀਆਂ ਦੇ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀਆਂ ਜਾਂ ਟੀਮਾਂ ਨੂੰ ਆਪਣੀ ਐਂਟਰੀ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਆ ਰਹੀ ਹੈ, ਉਹ ਦਫ਼ਤਰੀ ਸਮੇਂ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਸੰਪਰਕ ਕਰ ਸਕਦੇ ਹਨ।