ਲੁਧਿਆਣਾ, 13 ਮਾਰਚ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਅਤੇ ਵੇਰ ਹਾਊਸ ਦੇ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਵੈਦ ਦੇ ਸਰਾਭਾ ਨਗਰ ਸਥਿਤ ਘਰ 'ਚ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਬੈਂਕ ਅਤੇ ਹੋਰ ਜਾਇਦਾਦ ਨਾਲ ਸਬੰਧਿਤ ਦਸਤਾਵੇਜ਼ ਖੰਘਾਲੇ ਜਾ ਰਹੇ ਹਨ। ਕੁਲਦੀਪ ਸਿੰਘ ਵੈਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਕੁਲਦੀਪ ਸਿੰਘ ਵੈਦ 'ਤੇ ਵਿਜੀਲੈਂਸ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਇਸ ਦੇ ਚਲਦੇ ਹੀ ਅੱਜ ਵਿਜੀਲੈਂਸ ਦੀਆਂ ਟੀਮਾਂ ਉਹ ਦੇ ਘਰ ਪਹੁੰਚੀਆਂ ਹਨ ਅਤੇ ਰਿਕਾਰਡ ਖੰਘਾਲੇ ਜਾ ਰਹੇ ਹਨ। ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸਿੱਧੂ ਦੁਆਰਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀ ਅਨੁਸਾਰ ਕੁਲਦੀਪ ਸਿੰਘ ਵੈਦ ਪਹਿਲਾਂ ਤੋਂ ਹੀ ਵਿਜੀਲੈਂਸ ਦੀ ਰਾਡਾਰ 'ਤੇ ਸਨ ਅਤੇ ਅੱਜ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਉਨ੍ਹਾਂ ਦੇ ਘਰ ਪਹੁੰਚੀਆਂ ਹਨ। ਉਨ੍ਹਾਂ ਦੱਸਿਆ ਕਿ ਵੈਦ ਦੇ ਦਫ਼ਤਰ ਅਤੇ ਘਰ ਵਿਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਇਸ ਤੋਂ ਪਹਿਲਾਂ ਵੀ ਕਈ ਕਾਂਗਰਸੀ ਆਗੂ ਜਾਂਚ ਦੇ ਘੇਰੇ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਜਾਰੀ ਕੀਤੇ ਲੁਕ ਆਊਟ ਨੋਟਿਸ ਮਗਰੋਂ ਉਨ੍ਹਾਂ ਹੱਥ ਵੱਡੇ ਸੁਰਾਗ ਲੱਗੇ ਹਨ। ਇਸੇ ਦੇ ਚਲਦੇ ਹੀ ਅੱਜ ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਵੀ ਜਾਚ ਦੇ ਘੇਰੇ ਵਿਚ ਆ ਗਏ ਹਨ।