- ਹਰ ਹਫ਼ਤੇ ਜ਼ਿਲ੍ਹੇ ਦੀਆਂ ਸਬ ਡਵੀਜ਼ਨਾਂ ਵਿੱਚ ਲੱਗਣਗੇ 14 ਲੋਕ ਸੁਵਿਧਾ ਕੈਂਪ: ਜਤਿੰਦਰ ਜੋਰਵਾਲ
- ਅੱਜ ਧੂਰੀ ਦੇ ਪਿੰਡ ਲੱਡਾ, ਸੁਨਾਮ ਦੀ ਸ਼ਹੀਦ ਊਧਮ ਸਿੰਘ ਧਰਮਸ਼ਾਲਾ, ਲਹਿਰਾ ਦੇ ਪਿੰਡ ਕੋਟੜਾ ਲਹਿਲ ਅਤੇ ਦਿੜ੍ਹਬਾ ਦੇ ਪਿੰਡ ਖੇਤਲਾ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ
ਸੰਗਰੂਰ, 26 ਜੂਨ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ ਸ਼ਹਿਰਾਂ ਅਤੇ ਦਿਹਾਤੀ ਖੇਤਰਾਂ ਵਿੱਚ ਵਸਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਅੱਜ ਧੂਰੀ ਦੇ ਪਿੰਡ ਲੱਡਾ, ਸੁਨਾਮ ਦੀ ਸ਼ਹੀਦ ਊਧਮ ਸਿੰਘ ਧਰਮਸ਼ਾਲਾ, ਲਹਿਰਾ ਦੇ ਪਿੰਡ ਕੋਟੜਾ ਲਹਿਲ ਅਤੇ ਦਿੜ੍ਹਬਾ ਦੇ ਪਿੰਡ ਖੇਤਲਾ ਵਿਖੇ ਲੋਕ ਸੁਵਿਧਾ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਨਿਗਰਾਨੀ ਹੇਠ ਹਰ ਬੁੱਧਵਾਰ ਨੂੰ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਅਜਿਹੇ 2—2 ਲੋਕ ਸੁਵਿਧਾ ਕੈਂਪ ਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਅਤੇ ਨਾਗਰਿਕਾਂ ਦੇ ਕੀਮਤੀ ਸਮੇਂ ਤੇ ਧਨ ਦੀ ਬੱਚਤ ਹੋ ਸਕੇ। ਇਸ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹਰ ਹਫ਼ਤੇ ਸਬ ਡਵੀਜ਼ਨਾਂ ਅੰਦਰ 14 ਲੋਕ ਸੁਵਿਧਾ ਕੈਂਪ ਲਗਾਏ ਜਾਣਗੇ ਜਿਨ੍ਹਾਂ ਵਿੱਚ ਮਾਲ ਵਿਭਾਗ, ਸੇਵਾ ਕੇਂਦਰਾਂ, ਸਿਹਤ ਵਿਭਾਗ, ਕਿਰਤ ਵਿਭਾਗ, ਪਾਵਰਕੌਮ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ, ਪੈਨਸ਼ਨਾਂ ਆਦਿ ਸਮੇਤ ਹੋਰ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੌਕੇ ਤੇ ਹੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਅੱਜ ਸੁਨਾਮ ਦੀ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਵਿਖੇ ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ ਨੇ ਕੈਂਪ ਦਾ ਜਾਇਜ਼ਾ ਲੈਂਦਿਆਂ ਉਥੇ ਸੇਵਾਵਾਂ ਪ੍ਰਦਾਨ ਕਰ ਰਹੇ ਸਟਾਫ਼ ਅਤੇ ਸੇਵਾਵਾਂ ਹਾਸਲ ਕਰਨ ਪੁੱਜੇ ਨਾਗਰਿਕਾਂ ਨਾਲ ਗੱਲਬਾਤ ਕੀਤੀ। ਉਪ ਮੰਡਲ ਮੈਜਿਸਟਰੇਟ ਲਹਿਰਾ ਸੂਬਾ ਸਿੰਘ ਦੀ ਅਗਵਾਈ ਹੇਠ ਪਿੰਡ ਕੋਟੜਾ ਲਹਿਲ ਵਿਖੇ ਲੋਕ ਸੁਵਿਧਾ ਕੈਂਪ ਵਿੱਚ ਕੋਟੜਾ ਲਹਿਲ ਦੇ ਨਾਲ ਨਾਲ ਗੋਬਿੰਦਪੁਰਾ ਜਵਾਹਰਵਾਲਾ ਤੇ ਰਾਮਪੁਰਾ ਜਵਾਹਰਵਾਲਾ ਦੇ ਲੋਕਾਂ ਨੇ ਲਾਭ ਉਠਾਇਆ।ਇਸੇ ਤਰ੍ਹਾਂ ਦਿੜ੍ਹਬਾ ਦੇ ਪਿੰਡ ਖੇਤਲਾ ਵਿਖੇ ਉਪ ਮੰਡਲ ਮੈਜਿਸਟਰੇਟ ਰਾਜੇਸ਼ ਸ਼ਰਮਾ ਨੇ ਖੁਦ ਕੈਂਪ ਦਾ ਨਿਰੀਖਣ ਕੀਤਾ। ਉਪ ਮੰਡਲ ਮੈਜਿਸਟਰੇਟ ਅਮਿਤ ਗੁਪਤਾ ਦੀ ਅਗਵਾਈ ਹੇਠ ਧੂਰੀ ਦੇ ਪਿੰਡ ਲੱਡਾ ਵਿਖੇ ਲੱਗੇ ਕੈਂਪ ‘ਚ ਲੱਡਾ, ਕੱਕੜਵਾਲ, ਪੇਧਨੀ, ਪੁੰਨਾਵਾਲ ਅਤੇ ਕਾਂਝਲਾ ਪਿੰਡਾਂ ਦੇ ਨਿਵਾਸੀਆਂ ਨੇ ਲਾਭ ਉਠਾਇਆ।