ਭਵਾਨੀਗੜ੍ਹ ਨੇੜੇ ਪੀਆਰਟੀਸੀ ਦੀ ਬੱਸ ਸੜਕ ਕਿਨਾਰੇ ਖਤਾਨਾਂ 'ਚ ਪਲਟੀ, ਦੋ ਮੌਤਾਂ, 25 ਜਖ਼ਮੀ

ਭਵਾਨੀਗੜ੍ਹ, 5 ਅਕਤੂਬਰ 2024 : ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ 'ਤੇ ਭਵਾਨੀਗੜ੍ਹ ਨੇੜੇ ਵੱਡਾ ਹਾਦਸਾ ਵਾਪਰਿਆ ਗਿਆ ਹੈ। ਸਵਾਰੀਆਂ ਦੇ ਨਾਲ ਭਰੀ ਪੀਆਰਟੀਸੀ ਦੀ ਬੱਸ ਸੜਕ ਕਿਨਾਰੇ ਖਤਾਨਾਂ 'ਚ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਸਵਾਰ ਸਨ, ਜਿੰਨ੍ਹਾਂ 'ਚੋ 25 ਦੇ ਕਰੀਬ ਦੇ ਸੱਟਾਂ ਲੱਗੀਆਂ ਹਨ ਅਤੇ ਦੋ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ, ਜਿੰਨ੍ਹਾਂ ਦੀ ਹਾਲਤ ਜਿਆਦਾ ਗੰਭੀਰ ਸੀ, ਉਨ੍ਹਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਮੱਦਦ ਨਾਲ ਇੱਟਾਂ ਵਗੈਰਾ ਨਾਲ ਸ਼ੀਸ਼ੇ ਤੋੜ ਕੇ ਬੱਸ 'ਚ ਫਸੇ ਮੁਸਾਫਿਰਾਂ ਨੂੰ ਬਾਹਰ ਕੱਢਿਆ। ਏਐਸਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕੁਝ ਮਿੰਟਾਂ ਵਿੱਚ ਹੀ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ ਤੇ ਫੋਰਨ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਾਫੀ ਮੁਸ਼ੱਕਤ ਮਗਰੋੰ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਸਬੰਧੀ ਥਾਣਾ ਭਵਾਨੀਗੜ੍ਹ ਦੇ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਰਾਜਿੰਦਰ ਕੁਮਾਰ ਵਾਸੀ ਬਾਲਦ ਕਲਾਂ ਤੇ ਲੌੰਗੋਵਾਲ ਵਾਸੀ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ। ਡਾਕਟਰ ਬਿਕਰਮ ਨੇ ਦੱਸਿਆ ਕਿ 8. 45 ਦੇ ਕਰੀਬ ਸਾਨੂੰ ਫੋਨ ਆਇਆ ਕਿ ਹਾਦਸਾ ਵਾਪਰ ਗਿਆ ਹੈ ਤਾਂ ਅਸੀਂ ਸਾਰੀ ਟੀਮ ਨੂੰ ਐਮਰਜੈਂਸੀ ਸੇਵਾਵਾਂ ਦੇਣ ਲਈ ਫੋਨ ਕੀਤਾ ਗਿਆ। ਜਿਸ ਤੋਂ ਬਾਅਦ ਫੱਟੜ ਸਵਾਰੀਆਂ ਦਾ ਇਲਾਜ ਕੀਤਾ ਗਿਆ ਅਤੇ ਗੰਭੀਰ ਸਵਾਰੀਆਂ ਨੂੰ ਪਟਿਆਲਾ ਰਜਿੰਦਰਾ ਲਈ ਰੈਫਰ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਦਿਨ ਵਿੱਚ ਵੀ ਸੇਵਾ ਨਿਭਾਉਂਦਾ ਹਾਂ ਤੇ ਰਾਤ ਨੂੰ ਕੋਈ ਵੀ ਐਮਰਜੈਂਸੀ ਘਟਨਾ ਵਾਪਰਦੀ ਹੈ ਤਾਂ ਵੀ ਸੇਵਾਵਾਂ ਨਿਭਾਉਂਦਾ ਹਾਂ ਸਟਾਫ ਦੀ ਕਮੀ ਹੋਣ ਕਰਕੇ ਹਸਪਤਾਲ ਸਿਰਫ ਇੱਕ ਰੈਫਰ ਸੈਂਟਰ ਬਣ ਕੇ ਰਹਿ ਚੁੱਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜਖਮੀ ਹੋਏ ਵਿਅਕਤੀਆਂ ਦੀ ਸੂਚੀ ਵਿੱਚ ਸ਼ਿਵਮ ਵਾਸੀ (23) ਵਾਸੀ ਮੁਕਤਸਰ, ਸੂਰਜ (16) ਵਾਸੀ ਸੰਗਰੂਰ, ਲਖਵਿੰਦਰ ਸਿੰਘ (24) ਵਾਸੀ ਬਖੋਪੀਰ, ਯਾਦਵਿੰਦਰ ਸਿੰਘ (34) ਵਾਸੀ ਲਹਿਰਾ ਮੁਹੱਬਤ, ਜੋਤੀ ਰਾਣੀ (31) ਵਾਸੀ ਰਾਮਪੁਰਾ ਫੂਲ, ਸੁਖਪ੍ਰੀਤ (19) ਵਾਸੀ ਬਠਿੰਡਾ, ਗੁਰਨੀਲਮ ਕੁਮਾਰ (30) ਵਾਸੀ ਬਰਨਾਲਾ, ਬਲਵਿੰਦਰ ਸਿੰਘ (53) ਵਾਸੀ ਬਠਿੰਡਾ, ਸੁਖਰਾਜ ਸਿੰਘ (73) ਵਾਸੀ ਚੰਡੀਗੜ੍ਹ, ਸੁਨੀਤਾ (39) ਵਾਸੀ ਨਾਲਾਗੜ੍ਹ, ਰੋਹਿਤ (21) ਵਾਸੀ ਸੰਗਰੂਰ, ਪਵਨ ਕੁਮਾਰ (63) ਵਾਸੀ ਸੰਗਰੂਰ, ਮਨੀਸ਼ (52) ਵਾਸੀ ਸੰਗਰੂਰ, ਗੁਰਲਾਲ (20) ਵਾਸੀ ਲੌੰਗੋਵਾਲ, ਜੱਸੀ (35) ਵਾਸੀ ਬਡਰੁੱਖਾਂ, ਸਤੀਸ਼ ਕੁਮਾਰ (38) ਵਾਸੀ ਹੈਦਰਾਬਾਦ, ਤਰਨਜੀਤ ਸਿੰਘ (31) ਵਾਸੀ ਸੰਗਰੂਰ ਦੇ ਨਾਮ ਸ਼ਾਮਿਲ ਹਨ।