ਲੁਧਿਆਣਾ 25 ਜੂਨ 2024 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪਰਾਲੀ ਦੀ ਸੰਭਾਲ ਦੇ ਮੁੱਦੇ ਨੂੰ ਨਜਿੱਠਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿਚ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਦੀ ਤਕਨਾਲੋਜੀ ਰਹਿਣ ਵਾਤਾਵਰਨ ਪੱਖੀ ਖੇਤੀ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਦੀ ਤਕਨਾਲੋਜੀ ਸਰਫੇਸ ਸੀਡਰ ਤਕਨਾਲੋਜੀ ਦੇ ਪਸਾਰ ਵਾਸਤੇ ਸਮਝੌਤੇ ਕੀਤੇ। ਇਹ ਸਮਝੌਤਾ ਮਸੀਨਰੀ ਨਿਰਮਾਤਾ ਜੀ ਐੱਸ ਏ ਇੰਡਸਟਰੀਜ਼ (ਐਗਰੀਜ਼ੋਨ), ਪਟਿਆਲਾ ਅਤੇ ਸੇਕੋ ਸਟ੍ਰਿਪਸ ਪ੍ਰਾਈਵੇਟ ਲਿਮਟਿਡ ਦੋਰਾਹਾ ਨਾਲ ਕੀਤੇ ਗਏ। ਵਾਈਸ ਚਾਂਸਲਰ ਪੀਏਯੂ ਡਾ: ਸਤਿਬੀਰ ਸਿੰਘ ਗੋਸਲ ਨੇ ਉਤਪਾਦਕਾਂ ਨੂੰ ਵਧਾਈ ਦਿੰਦਿਆਂ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਪੀਏਯੂ ਦੀ ਵਚਨਬੱਧਤਾ ਨੂੰ ਦੁਹਰਾਇਆ। ਨਾਲ ਹੀ ਵਾਈਸ ਚਾਂਸਲਰ ਨੇ ਕਿਹਾ ਕਿ ਭਵਿੱਖ ਦੀ ਸੰਭਾਲ ਲਈ ਪਰਾਲੀ ਸਾੜਨ ਦੀ ਪ੍ਰਥਾ ਨੂੰ ਖਤਮ ਕਰਨਾ ਸਮੇਂ ਦੀ ਮੰਗ ਹੈ। ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ.ਢੱਟ ਨੇ ਪੀਏਯੂ ਸਰਫੇਸ ਸੀਡਰ ਟੈਕਨਾਲੋਜੀ ਬਾਰੇ ਗੱਲ ਕਰਦਿਆਂ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਕਿਹਾ। ਉਨ੍ਹਾਂ ਦੱਸਿਆ ਕਿ ਇਹ ਤਕਨਾਲੋਜੀ ਝੋਨੇ ਦੀ ਰਹਿੰਦ-ਖੂੰਹਦ ਨਾਲ ਨਜਿੱਠਣ ਲਈ ਇੱਕ ਕੁਸ਼ਲ ਅਤੇ ਕਿਫਾਇਤੀ ਹੱਲ ਪੇਸ਼ ਕਰਦੀ ਹੈ। ਡਾ: ਹਰੀ ਰਾਮ, ਮੁਖੀ, ਖੇਤੀ ਵਿਗਿਆਨ ਵਿਭਾਗ ਅਤੇ ਡਾ. ਜੇ.ਐਸ. ਗਿੱਲ ਖੇਤੀ ਵਿਗਿਆਨੀ ਨੇ ਦੱਸਿਆ ਕਿ ਸਰਫ਼ੇਸ ਸੀਡਿੰਗ ਤਕਨੀਕ ਦੇ ਲਾਭਾਂ ਵਿੱਚ ਫ਼ਸਲ ਦੀ ਭਰਪੂਰਤਾ, ਡਿੱਗਣ ਤੋਂ ਬਚਾਅ ਅਤੇ ਮੌਸਮੀ ਸਥਿਤੀਆਂ, ਪਾਣੀ ਦੀ ਬੱਚਤ ਅਤੇ ਨਦੀਨਾਂ ਵਿਚ ਕਮੀ ਪ੍ਰਮੁੱਖ ਹਨ। ਡਾ ਖੁਸ਼ਦੀਪ ਧਾਰਨੀ, ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਦੱਸਿਆ ਹੁਣ ਤੱਕ ਪੀਏਯੂ ਨੇ ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਇਸ ਦੇ ਪ੍ਰਸਾਰ ਲਈ 23 ਸਮਝੌਤੇ ਕੀਤੇ ਹਨ।
ਡਾ.ਜੀ.ਐਸ.ਮਾਂਗਟ, ਏ.ਡੀ.ਆਰ.(ਖੇਤੀਬਾੜੀ), ਅਤੇ ਡਾ: ਮਹੇਸ਼ ਨਾਰੰਗ, ਵੀ ਇਸ ਮੌਕੇ ਹਾਜ਼ਰ ਸਨ।