ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਨੇ ਮਾਸਿਕ ਮੀਟਿੰਗ ਵਿਚ ਕਿਸਾਨੀ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਸੰਬੋਧਨ ਕਰਨ ਦਾ ਸੱਦਾ ਦਿੱਤਾ ਗਿਆ

ਲੁਧਿਆਣਾ 5 ਜੂਨ  : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਖੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨਾਵਾਰ ਮੀਟਿੰਗ ਹੋਈ| ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਮੀਟਿੰਗ ਵਿਚ ਪੀ.ਏ.ਯੂ. ਦੇ ਉੱਚ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀਆਂ ਨੇ ਭਾਗ ਲਿਆ| ਮੀਟਿੰਗ ਦੌਰਾਨ ਚਲੰਤ ਖੇਤੀ ਮਸਲਿਆਂ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ| ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਪੰਜਾਬ ਦੀ ਖੇਤੀ ਦਾ ਹੀ ਨਹੀਂ, ਬਲਕਿ ਸਮੁੱਚੇ ਸਮਾਜ ਦਾ ਉਭਰਵਾਂ ਸਰੋਕਾਰ ਹੈ| ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੇਠ ਰਕਬਾ ਵਧਾਉਣਾ ਝੋਨਾ ਕਾਸ਼ਤਕਾਰਾਂ ਲਈ ਸਮੇਂ ਦੀ ਮੰਗ ਹੈ| ਡਾ. ਗੋਸਲ ਨੇ ਕਿਹਾ ਕਿ ਖੇਤੀ ਉਪਜ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਸਾਡਾ ਫਰਜ਼ ਹੈ ਅਤੇ ਕਿਸਾਨੀ ਮਸਲਿਆਂ ਨੂੰ ਸੰਬੋਧਿਤ ਹੋਣ ਲਈ ਪਸਾਰ ਮਾਹਿਰਾਂ ਨੂੰ ਹਰ ਵੇਲੇ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਝੋਨੇ ਦੀ ਕਿਸਮਾਂ ਬਾਰੇ ਜਾਣਕਾਰੀ ਦਿੱਤੀ| ਪੀ ਆਰ-131, ਪੀ ਆਰ-129, ਪੀ ਆਰ-128, ਪੀ ਆਰ-121, ਪੀ ਆਰ-122, ਪੀ ਆਰ-114 ਅਤੇ ਪੀ ਆਰ-113 ਦੀ ਲੁਆਈ 20 ਜੂਨ ਤੋਂ ਕਰਨੀ ਚਾਹੀਦੀ ਹੈ ਜਦਕਿ ਪੀ ਆਰ 126, ਪੀ ਆਰ-127, ਪੀ ਆਰ-130 ਦੀ ਲੁਆਈ ਦਾ ਢੁੱਕਵਾਂ ਸਮਾਂ 25 ਜੂਨ ਤੋਂ ਬਾਅਦ ਹੈ| ਉਹਨਾਂ ਕਿਹਾ ਕਿ ਪੀ ਆਰ 126 ਨੂੰ 20 ਜੁਲਾਈ ਤੱਕ ਖੇਤ ਵਿਚ ਲਾਇਆ ਚੰਗਾ ਝਾੜ ਮਿਲ ਸਕਦਾ ਹੈ ਅਤੇ ਉਸ ਤੋਂ ਬਾਅਦ ਖੇਤ ਨੂੰ ਆਲੂ, ਮਟਰ ਜਾਂ ਬਰਸੀਮ ਦੀ ਬਿਜਾਈ ਲਈ ਸਮੇਂ ਸਿਰ ਤਿਆਰ ਕੀਤਾ ਜਾ ਸਕਦਾ ਹੈ|ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਖੋਜ ਅਤੇ ਪਸਾਰ ਮਾਹਿਰਾਂ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ-7, ਪੂਸਾ ਬਾਸਮਤੀ-1121, ਪੂਸਾ ਬਾਸਮਤੀ-1847 ਅਤੇ ਪੂਸਾ ਬਾਸਮਤੀ-1718 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੀ ਜਾ ਸਕਦੀ ਹੈ| ਇਸਦੇ ਨਾਲ ਹੀ ਸੀ ਐੱਸ ਆਰ-30 ਅਤੇ ਪੂਸਾ ਬਾਸਮਤੀ-1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਕਰਨੀ ਠੀਕ ਰਹੇਗੀ| ਡਾ. ਭੁੱਲਰ ਨੇ ਕਿਹਾ ਖੇਤੀ ਵਿਭਿੰਨਤਾ ਲਈ ਮੱਕੀ ਦੀ ਬਿਜਾਈ ਵਿਸ਼ੇਸ਼ ਤੌਰ ਤੇ ਕੰਢੀ ਖੇਤਰਾਂ ਵਿਚ ਕਰਨੀ ਲਾਹੇਵੰਦ ਹੋ ਸਕਦੀ ਹੈ|ਇਸ ਦੌਰਾਨ ਝੋਨੇ ਦੀਆਂ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ, ਬਹਾਰ ਅਤੇ ਸਾਉਣੀ ਦੀ ਮੱਕੀ ਹੇਠ ਰਕਬਾ, ਗਰਮ ਰੁੱਤ ਦੀ ਮੂੰਗੀ, ਨਰਮੇ ਦੇ ਕੀੜਿਆਂ ਦੀ ਰੋਕਥਾਮ ਅਤੇ ਫਾਲ ਆਰਮੀਵਰਮ ਆਦਿ ਮਸਲਿਆਂ ਬਾਰੇ ਗੱਲਬਾਤ ਹੋਈ|ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਭ ਦਾ ਧੰਨਵਾਦ ਕੀਤਾ|