ਪੀ.ਏ.ਯੂ. ਤੋਂ ਸਿਖਲਾਈ ਪ੍ਰਾਪਤ ਖੇਤੀ ਉੱਦਮੀ ਨੇ ਰਾਸ਼ਟਰ ਪੱਧਰ ਦਾ ਮੁਕਾਬਲਾ ਜਿੱਤਿਆ

ਲੁਧਿਆਣਾ 7 ਜੂਨ : ਪੀ.ਏ.ਯੂ. ਦੇ ਪੰਜਾਬ ਐਗਰੀ ਬਿਜ਼ਨਸ ਇਨਕੁਬੇਟਰ ਪਾਬੀ ਤੋਂ ਸਿਖਲਾਈ ਹਾਸਲ ਕਰਨ ਵਾਲੇ ਏ ਵਨ ਸਵਾਦੁਮਲਾਭ ਪ੍ਰੋਡਕਸ਼ਨ ਨੇ 2024 ਦਾ ਰਾਸ਼ਟਰੀ ਕੋਆਪਰੇਟਿਵ ਮੇਲਾ ਜਿੱਤਿਆ ਹੈ| ਇਹ ਸਮਾਰੋਹ ਬੀਤੇ ਦਿਨੀਂ ਰਾਜਸਥਾਨ ਦੇ ਜੈਪੁਰ ਵਿਚ ਕਰਵਾਇਆ ਗਿਆ ਜਿੱਥੇ ਦੇਸ਼ ਭਰ ਦੇ ਖੇਤੀ ਕਾਰੋਬਾਰੀ ਸ਼ਾਮਿਲ ਹੋਏ| ਰਾਜਸਥਾਨ ਸਰਕਾਰ ਦੇ ਸਹਿਕਾਰਤਾ ਵਿਭਾਗ ਅਤੇ ਰਾਜਸਥਾਨ ਰਾਜ ਸਹਿਕਾਰੀ ਖਪਤਕਾਰ ਯੂਨੀਅਨ ਲਿਮਿਟਡ ਨੇ ਜੈਪੁਰ ਵਿਚ ਇਸ ਮੇਲੇ ਦਾ ਆਯੋਜਨ ਕੀਤਾ| ਜਵਾਹਰ ਕਲਾ ਕੇਂਦਰ ਵਿਚ ਆਯੋਜਿਤ ਇਸ ਮੇਲੇ ਵਿਚ ਮਸਾਲਿਆਂ ਦੇ ਉਤਪਾਦਨ ਅਤੇ ਪੋ੍ਰਸੈਸਿੰਗ ਨਾਲ ਸੰਬੰਧਤ ਧਿਰਾਂ ਸ਼ਾਮਿਲ ਹੋਈਆਂ| ਇਸ ਮੇਲੇ ਦੌਰਾਨ ਮਸਾਲਿਆਂ ਦੇ ਪ੍ਰਦਰਸ਼ਨ, ਵਰਕਸ਼ਾਪ ਅਤੇ ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਵਿਚਾਰਕ ਵਟਾਂਦਰੇ ਵੀ ਕਰਵਾਏ ਗਏ| ਏ ਵਨ ਸਵਾਦੁਮਲਾਭ ਨੂੰ ਮਸਾਲਿਆਂ ਦੇ ਉਤਪਾਦਨ ਅਤੇ ਸਿਖਲਾਈ ਦੇ ਮਾਮਲੇ ਵਿਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਨਮਾਨ ਦੀ ਰਸਮ ਵਿਚ ਉਦਯੋਗ ਮਾਹਿਰ ਅਤੇ ਪਤਵੰਤੇ ਸ਼ਾਮਿਲ ਹੋਏ| ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਏ ਵਨ ਸਵਾਦੁਮਲਾਭ ਦੀ ਇਸ ਸਫਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਕੰਪਨੀ ਦੀ ਲਗਨ ਅਤੇ ਮਿਹਨਤ ਅਤੇ ਪੀ.ਏ.ਯੂ. ਵੱਲੋਂ ਦਿੱਤੀ ਸਿਖਲਾਈ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ| ਉਹਨਾਂ ਆਸ ਪ੍ਰਗਟਾਈ ਕਿ ਹੋਰ ਖੇਤੀ ਕਾਰੋਬਾਰੀ ਇਸ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਪੀ.ਏ.ਯੂ. ਦੇ ਖੇਤੀ ਸਿਖਲਾਈ ਢਾਂਚੇ ਨਾਲ ਜੁੜਨਗੇ|ਇਸ ਮੌਕੇ ਪਾਬੀ ਦੇ ਕਾਰੋਬਾਰੀ ਪ੍ਰਬੰਧਕ ਇੰਜ. ਕਰਨਵੀਰ ਸਿੰਘ ਗਿੱਲ ਨੇ ਵੀ ਮਸਾਲਿਆਂ ਦੇ ਖੇਤਰ ਵਿਚ ਫਰਮ ਵੱਲੋਂ ਹਾਸਲ ਕੀਤੀ ਸਫਲਤਾ ਉੱਪਰ ਖੁਸ਼ੀ ਪ੍ਰਗਟਾਈ|