- ਬਜ਼ੁਰਗਾਂ ਵਿੱਚ ਫੈਲਾਈ ਸੀਨੀਅਰ ਸਿਟੀਜ਼ਨ ਐਕਟ ਦੀ ਜਾਗਰੂਕਤਾ ਅਤੇ ਸੁਣੀਆਂ ਮੁਸ਼ਕਿਲਾਂ
ਮੋਗਾ, 21 ਅਗਸਤ : ਸ੍ਰੀ ਅਤੁਲ ਕਸਾਨਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਅਗਵਾਈ ਹੇਠ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅੱਜ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਅਮਰੀਸ਼ ਕੁਮਾਰ ਨੇ ਸ਼ਿਵ ਕ੍ਰਿਪਾ ਬਿਰਧ ਆਸ਼ਰਮ ਸਭਾ ਸੋਸਾਇਟੀ ਮੋਗਾ ਦਾ ਦੌਰਾ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਬਜ਼ੁਰਗਾਂ ਵਿੱਚ ਸੀਨੀਅਰ ਸਿਟੀਜ਼ਨ ਐਕਟ-2007 ਦੀ ਜਾਗਰੂਕਤਾ ਫੈਲਾਈ। ਉਨ੍ਹਾਂ ਦੱਸਿਆ ਕਿ ਐਕਟ ਤਹਿਤ ਹਰੇਕ ਬਜ਼ੁਰਗ ਨੂੰ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ। ਬਜ਼ੁਰਗਾਂ ਨੂੰ ਸਿਰਫ਼ ਆਪਣੇ ਪੁੱਤਰਾਂ ਤੋਂ ਹੀ ਨਹੀਂ ਸਗੋਂ ਧੀਆਂ ਤੋਂ ਵੀ ਖਰਚਾ ਲੈਣ ਦੇ ਹੱਕ ਪ੍ਰਾਪਤ ਹਨ। ਜਿਹੜੇ ਬਜੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਮ ਉੱਪਰ ਟਰਾਂਸਫਰ ਕਰਵਾ ਦਿੰਦੇ ਹਨ ਪਰ ਬਾਅਦ ਵਿੱਚ ਬੱਚੇ ਬਜ਼ੁਰਗਾਂ ਨੂੰ ਖਰਚਾ ਹੀ ਨਹੀਂ ਦਿੰਦੇ ਸਗੋਂ ਘਰੋਂ ਕੱਢ ਦਿੰਦੇ ਹਨ, ਅਜਿਹੇ ਵਿੱਚ ਬਜ਼ੁਰਗ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਹਰੇਕ ਬਜ਼ੁਰਗ ਵਿਅਕਤੀ/ਔਰਤ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚ ਵਕੀਲ ਦਾ ਸਾਰਾ ਖਰਚਾ ਅਤੇ ਕਾਗਜਾਤ ਅਥਾਰਟੀ ਵੱਲੋਂ ਦਿੱਤਾ ਜਾਂਦਾ ਹੈ। ਇਸ ਮੌਕੇ ਜੱਜ ਸਾਹਿਬ ਨੇ ਬਜ਼ੁਰਗਾਂ ਤੋਂ ਆਸ਼ਰਮ ਦੇ ਪ੍ਰਬੰਧਾਂ ਬਾਰੇ ਵੀ ਪੁੱਛਗਿੱਛ ਕੀਤੀ, ਜਿਸ ਉੱਪਰ ਬਜ਼ੁਰਗਾਂ ਵੱਲੋਂ ਤਸੱਲੀ ਪ੍ਰਗਟਾਈ ਗਈ। ਇਸ ਮੌਕੇ ਤੇ ਬਿਰਧ ਆਸ਼ਰਮ ਦੇ ਇੰਚਾਰਜ ਰਾਜਾ ਹਰੀਸ਼ ਚੰਦਰ ਕਮੇਟੀ ਪ੍ਰਧਾਨ ਵੀ ਸ਼ਾਮਿਲ ਸਨ।