- ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਜੀਵਨ ਵਿੱਚ ਰੱਖਦਾ ਹੈ ਵਿਸ਼ੇਸ਼ ਮਹੱਤਵ-ਵਿਨੀਤ ਕੁਮਾਰ
- ਭਾਰੀ ਗਿਣਤੀ ਲੋਕਾਂ ਨੇ ਯੋਗ,ਪ੍ਰਾਣਾਯਮ ਅਤੇ ਧਿਆਨ ਦਾ ਲਿਆ ਲਾਭ
ਫਰੀਦਕੋਟ 21 ਜੂਨ : ਯੋਗ ਇਕ ਸਾਧਨਾ ਹੈ ਅਤੇ ਇਹ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਸਭ ਤੋਂ ਵਧੀਆ ਸਾਧਨ ਹੈ ਅਤੇ ਨਿਰੋਗੀ ਕਾਇਆ ਲਈ ਇਹ ਬਹੁਤ ਅਹਿਮ ਹੈ। ਅਸੀਂ ਬਿਨਾਂ ਕੁੱਝ ਖਰਚ ਕੀਤਿਆਂ ਯੋਗ ਵਿਧੀ ਰਾਹੀਂ ਆਪਣੇ ਤਨ ਨੂੰ ਰਿਸ਼ਟ-ਪੁਸ਼ਟ ਅਤੇ ਮਨ 'ਤੇ ਕਾਬੂ ਰੱਖ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਥਾਨਕ ਦਰਬਾਰ ਗੰਜ (ਰੈਸਟ ਹਾਊਸ) ਵਿਖੇ ਆਯੂਸ਼ ਵਿਭਾਗ, ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਯੋਜਿਤ ਨੌਵੇ ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੋਗ ਦਿਵਸ ਦੇ ਮੌਕੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਐਸ.ਐਸ.ਪੀ. ਸ. ਹਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਜਿਓਣ ਦੇ ਢੰਗ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਜੰਕ ਫੂਡ ਤੋਂ ਤੌਬਾ ਕਰਨੀ ਚਾਹੀਦੀ ਹੈ। ਸਾਨੂੰ ਬੈਠ ਕੇ ਕੰਮ ਕਰਨ ਦੀ ਆਦਤ 'ਚ ਸੁਧਾਰ ਲਿਆਉਣਾ ਚਾਹੀਦਾ ਹੈ। ਯੋਗ ਆਪਣੇ ਘਰ ਹੀ ਕੀਤਾ ਜਾ ਸਕਦਾ ਹੈ ਜਦਕਿ ਹੋਰ ਕਸਰਤਾਂ ਲਈ ਜਿੰਮ ਜਾਂ ਗਰਾਊਂਡ ਆਦਿ 'ਚ ਜਾਣਾ ਪੈਂਦਾ ਹੈ। ਉਨ੍ਹਾਂ ਯੋਗ ਸਾਧਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਦੀਆਂ ਪੁਰਾਣੀ ਵਿਕਸਤ ਕਿਰਿਆ ਅਤੇ ਵਿਗਿਆਨਕ ਵਿਧੀ ਹੈ। ਉਨ੍ਹਾਂ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਸਰੀਰ ਨੂੰ ਰੋਗ ਮੁਕਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਯੁਵਾ ਪੀੜੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ, ਜਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਬਹਾਦਰ ਸਿੰਘ ਅਤੇ ਡਾ. ਕਮਲਦੀਪ ਕੌਰ ਕੂਕਾ ਨੇ ਯੋਗਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਦਾ ਮਤਲਬ ਸਰੀਰ ਤੇ ਮਨ ਨੂੰ ਜੋੜਕੇ ਸਰੀਰ ਨੂੰ ਸੰਤੁਲਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਯੋਗ ਸਾਡੀ ਪੁਰਾਤਨ ਸੱਭਿਅਤਾ ਅਤੇ ਰਿਸ਼ੀਆਂ-ਮੁਨੀਆਂ ਦੀ ਮਹਾਨ ਦੇਣ ਹੈ। ਅਜੋਕੀ ਦੌੜ-ਭੱਜ ਦੀ ਜ਼ਿੰਦਗੀ 'ਚ ਯੋਗ ਆਸਣਾਂ ਰਾਹੀਂ ਅਸੀਂ ਤਣਾਅ ਮੁਕਤ ਹੋ ਸਕਦੇ ਹਾਂ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਛਾਂਦਾਰ ਪੌਦਾ ਵੀ ਲਗਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।