ਨਗਰ ਨਿਗਮ ਅਬੋਹਰ ਵੱਲੋਂ ਉੱਚੇ ਇਲਾਕਿਆਂ ਵਿੱਚ ਜਿੱਥੇ ਪਾਈਪ ਨਾਲ ਪਾਣੀ ਪਹੁੰਚਣ ਵਿੱਚ ਦਿੱਕਤ ਹੋ ਰਹੀ ਹੈ ਉਹਨਾਂ ਇਲਾਕਿਆਂ ਵਿੱਚ ਟੈਂਕਰ ਨਾਲ ਪਹੁੰਚਾਇਆ ਜਾ ਰਿਹਾ ਹੈ ਪਾਣੀ

ਅਬੋਹਰ 7 ਜੂਨ : ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਡਾ ਸੇਨੂ ਦੁੱਗਲ ਜਿਨਾਂ ਕੋਲ ਕਿ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਹੈ ਨੇ ਦੱਸਿਆ ਹੈ ਕਿ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਉੱਚੇ ਇਲਾਕਿਆਂ ਵਿੱਚ ਟੈਂਕਰਾਂ ਨਾਲ ਪੀਣ ਦਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕੰਮ ਲਈ ਦੋ ਟੈਂਕਰ ਲਗਾਏ ਗਏ ਹਨ ਅਤੇ ਇਹਨਾਂ ਰਾਹੀਂ ਨਵੀਂ ਆਬਾਦੀ, ਜਸਵੰਤ ਨਗਰ, ਕੋਠੀ ਫੈਜ਼ ਅਤੇ ਰਜੀਵ ਨਗਰੀ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਜਿਕਰ ਯੋਗ ਹੈ ਕਿ ਇਹ ਇਲਾਕੇ ਉੱਚੇ ਪੈਂਦੇ ਹੋਣ ਕਾਰਨ ਇੱਥੇ ਪਾਈਪ ਨਾਲ ਪੂਰਾ ਪਾਣੀ ਨਹੀਂ ਪਹੁੰਚ ਰਿਹਾ ਜਦਕਿ ਗਰਮੀ ਵਿੱਚ ਪਾਣੀ ਦੀ ਮੰਗ ਵੱਧ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਅੱਗੇ ਵੀ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਇਹ ਸਪਲਾਈ ਜਾਰੀ ਰਹੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਪਾਣੀ ਦੀ ਬੱਚਤ ਕਰਨ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਗੱਡੀਆਂ ਨੂੰ ਧੋਣ, ਸੜਕਾਂ ਤੇ ਛਿੜਕਾ ਕਰਨ ਲਈ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।