ਵਿਦੇਸ਼ੀ ਸਰਕਾਰਾਂ ਵਲੋਂ ਪ੍ਰਵਾਸੀ ਵਿਦਿਆਰਥੀਆਂ ਨੂੰ ਨਹੀਂ ਮਿਲਦਾ ਕੋਈ ਸਹਿਯੋਗ: ਸੀਨੀਅਰ ਪੱਤਰਕਾਰ ਸ਼ਮੀਲ

ਰੂਪਨਗਰ : ਕਨੇਡਾ ਸਮੇਤ ਹੋਰ ਦੇਸ਼ਾਂ ਵਿਚ ਪ੍ਰਵਾਸੀ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਵਿਦੇਸ਼ੀ ਸਰਕਾਰਾਂ ਵਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਮਿਲਦਾ ਅਤੇ ਨਾ ਹੀ ਬਾਹਰਲੇ ਮੁਲਕਾਂ ਵੱਲੋਂ ਵਿਦਿਆਰਥੀਆਂ ਨੂੰ ਕੋਈ ਮਦੱਦ ਦੇਣ ਲਈ ਕੋਈ ਤਕਨੀਕੀ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਕਰਕੇ ਭਾਰਤ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਜੋ ਵਿਦੇਸ਼ਾਂ ਵਿਚ ਪੜ੍ਹਾਈ ਲਈ ਆਪਣੀ ਕਿਸਮਤ ਅਜਮਾਉਣ ਜਾਉਂਦੇ ਹਨ ਉਨ੍ਹਾਂ ਨੂੰ ਆਪਣੇ ਪੱਧਰ ਉੱਤੇ ਹੀ ਸਾਰੇ ਪ੍ਰਬੰਧ ਕਰਨੇ ਪੈਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਵੀ ਅਤੇ ਸੀਨੀਅਰ ਪੱਤਰਕਾਰ ਜਸਵੀਰ ਸ਼ਮੀਲ ਨੇ ਅੱਜ ਪੰਜਾਬੀ ਮਹੀਨਾ-2022 ਨੂੰ ਸਮਰਪਿਤ ਸਰਕਾਰੀ ਕਾਲਜ ਰੂਪਨਗਰ ਵਿਖੇ ਆਯੋਜਿਤ િਪੰਜਾਬੀ ਪਰਵਾਸ ਤੇ ਵਿਦਿਆਰਥੀિ ਵਿਸ਼ੇ ਉੱਤੇ ਸੈਮੀਨਾਰ ਦੌਰਾਨ ਕੀਤਾ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਆਈਲੈਟਸ  ਦੀ ਪੰਜਾਬ ਵਿੱਚ ਬਹੁਤ ਤਵੱਜੋਂ ਬਣ ਗਈ ਹੈ ਅਤੇ ਵੱਡੇ ਪੱਧਰ ਉੱਤੇ ਮਾਈਗ੍ਰੇਸ਼ਨ ਹੋ ਰਹੀ ਹੈ ਜੋ ਪਹਿਲਾਂ ਵੀ ਹੁੰਦੀ ਰਹੀ ਹੈ। ਜਿਸ ਰਾਹੀਂ ਲੋਕ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਦੇ ਹਨ ਜੋ ਬੁਰੀ ਗੱਲ ਨਹੀਂ ਹੈ ਪਰ ਜੋ ਵਰਤਮਾਨ ਵਿਚ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਥੋੜੀ ਅਲੱਗ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਓਥੇ ਦੀਆਂ ਸਰਕਾਰਾਂ ਵਲੋਂ ਸਹਾਇਤਾ ਨਾ ਮਿਲਣ ਕਾਰਨ ਵਿਦਿਆਰਥੀਆਂ ਨੂੰ ਕਾਫੀ ਗੰਭੀਰ ਅਤੇ ਤਨਾਅਪੂਰਨ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ ਜਦਕਿ ਸਟੂਡੈਂਟ ਵੀਜ਼ਾ ਲੱਗਣ ਤੋਂ ਬਾਅਦ ਪਰਿਵਾਰਾਂ ਵਲੋਂ ਸਭ ਤੋਂ ਪਹਿਲਾਂ ਇਹ ਹੀ ਸੋਚਿਆ ਜਾਂਦਾ ਕਿ ਹੁਣ ਸਾਡੇ ਬੱਚੇ ਦਾ ਭਵਿੱਖ ਸੁਰੱਖਿਅਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਆਪਣੇ ਹੋਰ ਖਰਚਿਆਂ ਦੀ ਪੂਰਤੀ ਲਈ ਕਾਫੀ ਕੰਮ ਕਰਨਾ ਪੈਂਦਾ ਹੈ ਤਾਂਕਿ ਪੜ੍ਹਾਈ ਲਈ ਲਏ ਗਏ ਕਰਜ਼ੇ ਨੂੰ ਵੀ ਸਹੀ ਸਮੇਂ ਉੱਤੇ ਉਤਾਰ ਦਿੱਤਾ ਜਾਵੇ ਇਸ ਕਰਕੇ ਜਿਆਦਾਤਰ ਵਿਦਿਆਰਥੀਆਂ ਨੂੰ ਸਿਰਫ 3-4 ਘੰਟੇ ਹੀ ਸੌਣ ਨੂੰ ਮਿਲਦਾ ਹੈ। ਉਨ੍ਹਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਿਦਿਆਰਥੀ ਆਪਣੇ ਮਾਂ ਬਾਪ ਨੂੰ ਆਪਣੇ ਹਾਲਾਤਾਂ ਬਾਰੇ ਨਹੀਂ ਦੱਸਦੇ ਕਿਉਂਕਿ ਕਰਜ਼ਾ ਚੁੱਕ ਕੇ ਬੱਚੇ ਪਹੁੰਚਦੇ ਹਨ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਵੀ ਹੁੰਦੀਆਂ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਇਕੱਲੇ ਹੀ ਸਾਰੀਆਂ ਮੁਸ਼ਕਲਾਂ ਨੂੰ ਆਪਣੇ ਪਿੰਡੇ ਉੱਤੇ ਹੰਢਾੳਣਾ ਪੈਂਦਾ ਹੈ। ਉਨ੍ਹਾਂ ਵਿਦੇਸ਼ਾਂ ਦੀ ਵਿਦਿਆਰਥੀਆਂ ਪ੍ਰਤੀ ਆਪਣੀ ਨੀਤੀ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਨੇਡਾ ਦੇਸ਼ ਦਾ ਮੰਤਵ ਹਰ ਸਾਲ ਆਪਣੀ ਆਬਾਦੀ ਨੂੰ ਇਕ ਫ਼ੀਸਦ ਵਧਾਉਣਾ ਹੈ ਜਿਸ ਕਰਕੇ ਪੂਰੇ ਵਿਸ਼ਵ ਦੇ ਵਿਦਿਆਰਥੀਆਂ ਨੂੰ ਉਹ ਆਪਣੀ ਲੋੜ ਅਨੁਸਾਰ ਵੀਜ਼ਾ ਦਿੰਦੇ ਹਨ। ਉਨ੍ਹਾਂ ਕਿਹਾ ਕੈਨੇਡਾ ਦਾ ਖੇਤਰਫਲ ਭਾਰਤ ਤੋਂ ਛੇ ਗੁਣਾ ਵੱਧ ਹੋਣ ਦੇ ਬਾਵਜੂਦ ਵੀ ਓਥੇ ਦੀ ਆਬਾਦੀ ਪੰਜਾਬ ਦੇ ਬਰਾਬਰ ਹੈ। ਜਿਸ ਲਈ ਕੈਨੇਡਾ ਵਰਗੇ ਦੇਸ਼ ਇਕ ਪਾਸੇ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਹਨ ਅਤੇ ਦੂਜੇ ਪਾਸੇ ਵਿਦਿਆਰਥੀਆਂ ਦੀ ਲੱਖਾਂ ਰੁਪਏ ਦੀਆਂ ਫੀਸਾਂ ਰਾਹੀਂ ਆਪਣੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਵੀ ਕਰ ਰਹੇ ਹਨ। ਸ਼੍ਰੀ ਜਸਵੀਰ ਸ਼ਮੀਲ ਨੇ ਅੱਗੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਇਨ੍ਹਾਂ ਗੱਲਾਂ ਨੂੰ ਉਜਾਗਰ ਕਰਨ ਦਾ ਮਤਲਬ ਤੁਹਾਨੂੰ ਨਿਰਾਸ਼ ਕਰਨਾ ਨਹੀਂ ਹੈ। ਸਿਰਫ ਤੁਹਾਨੂੰ ਭੇਡ ਚਾਲ ਤੋਂ ਪਰੇ ਹੋ ਕੇ ਵਿਦੇਸ਼ਾਂ ਦੀ ਸਹੀ ਤਸਵੀਰ ਪੇਸ਼ ਬਾਰੇ ਦੱਸਣਾ ਹੈ ਜੋ ਬਤੌਰ ਪਤਰਕਾਰ ਮੇਰੀ ਜਿੰਮੇਵਾਰੀ ਬਣਦੀ ਹੈ।ਇਕ ਵਰਗ ਵਿਦਿਆਰਥੀਆਂ ਦਾ ਹੈ ਜੋ ਮਿਹਨਤ ਕਰਕੇ ਆਪਣੇ ਆਪ ਮਜ਼ਬੂਤ ਹੁੰਦੇ ਹਨ ਅਤੇ ਵੱਡੇ ਪੱਧਰ ਉੱਤੇ ਵੱਖ ਵੱਖ ਖੇਤਰ ਵਿਚ ਤਰੱਕੀ ਕਰ ਰਹੇ ਹਨ। ਕਈ ਵਿਦਿਆਰਥੀ ਗੁੰਮਰਾਹ ਵੀ ਹੋ ਜਾਂਦੇ ਹਨ ਜੋ ਨਸ਼ਿਆਂ ਅਤੇ ਮਾਫੀਆ ਦੀ ਦਲਦਲ ਵਿੱਚ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਤੀ ਹਾਲਾਤ ਨੂੰ ਦੇਖ ਕੇ ਸਟੱਡੀ ਵੀਜ਼ਾ ਵੱਲ ਰੁਖ਼ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਆਪਣੀ ਪਸੰਦ ਨੂੰ ਦੇਖ ਕੇ ਖੇਤਰ ਦੀ ਚੋਣ ਕਰਨੀ ਚਾਹੀਦੀ ਹੈ ਕਿ ਮੇਰੇ ਲਈ ਕਿ ਸਹੀ ਹੈ। ਸਾਡੇ ਦੇਸ਼ ਵਿਚ ਤਰੱਕੀ ਦੇ ਬਹੁਤ ਮੌਕੇ ਹਨ। ਜਿਸ ਲਈ ਸੋਚ ਸਮਝ ਕੇ ਆਪਣੇ ਭਵਿੱਖ ਬਾਰੇ ਫ਼ੈਸਲੇ ਲੈਣਾ ਚਾਹੀਦਾ ਹੈ। ਭਾਰਤ ਦਾ ਬੁਨਿਆਦੀ ਢਾਂਚਾ ਬਹੁਤ ਸਥਿਰ ਅਤੇ ਮਜ਼ਬੂਤ ਹੈ।ਉਨ੍ਹਾਂ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਅੰਗਰੇਜ਼ੀ ਭਾਸ਼ਾ ਨੂੰ ਸਾਡੀ ਮਾਂ-ਬੋਲੀ ਦੀ ਕੀਮਤ 'ਤੇ ਅੱਗੇ ਨਹੀਂ ਵਧਾਇਆ ਜਾਣਾ ਚਾਹੀਦਾ। ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਸ਼੍ਰੀ ਜਤਿੰਦਰ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਸੈਮੀਨਾਰਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਹਰ ਖੇਤਰ ਦੀ ਜ਼ਮੀਨੀ ਹਕੀਕਤ ਦਾ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮੋਬਾਇਲ ਦੀ ਜਗ੍ਹਾ ਆਤਮ ਸਾਥ ਅਤੇ ਆਤਮ ਚਿੰਤਨ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਸਮਾਜ ਵਿਚ ਆਪਣਾ ਅਹਿਮ ਯੋਗਦਾਨ ਪਾ ਸਕੋ।ਉਨ੍ਹਾਂ ਕਿਹਾ ਕਿ ਸਾਡੇ ਲਈ ਮੈਂ ਵਾਲੀ ਗੱਲ ਹੈ ਕਿ ਸੀਨੀਅਰ ਪੱਤਰਕਾਰ ਜਸਵੀਰ ਸ਼ਮੀਲ ਰੂਪਨਗਰ ਦੇ ਪਿੰਡ ਠੋਣਾ ਦੇ ਵਸਨੀਕ ਹਨ ਤੇ ਸਰਕਾਰੀ ਕਾਲਜ ਦੇ ਵਿਦਿਆਰਥੀ ਰਹੇ ਸਨ ਜੋ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਪੰਜਾਬੀ ਮਾਂ ਦੀ ਸੇਵਾ ਕਰ ਰਹੇ ਹਨ ਅਤੇ ਕਨੈਡਾ ਵਿਚ ਰਹਿਣ ਦੇ ਬਾਵਜੂਦ ਪੱਤਰਕਾਰੀ ਵਿਚ ਪੰਜਾਬੀ ਬੋਲੀ ਨੂੰ ਬਰਕਰਾਰ ਰੱਖ ਕੇ ਮਾਣ-ਸਤਿਕਾਰ ਦੇ ਰਹੇ ਹਨ।
ਇਸ ਮੌਕੇ ਬੀਬੀਸੀ ਤੋਂ ਪੱਤਰਕਾਰ ਸ਼੍ਰੀ ਖੁਸ਼ਹਾਲ ਲਾਲੀ, ਉੱਘੇ ਨਾਵਲਕਾਰ ਸ. ਜਸਬੀਰ ਮੰਡ, ਸੀਨੀਅਰ ਪੱਤਰਕਾਰ ਬਹਾਦਰਜੀਤ ਸਿੰਘ, ਸਤਨਾਮ ਸਿੰਘ, ਅਮਰਪਾਲ ਬੈਂਸ, ਜਗਤਾਰ ਜੱਗੀ ਸਮੇਤ ਪੱਤਰਕਾਰ ਮਨਪ੍ਰੀਤ ਸਿੰਘ, ਵਰੁਣ ਲਾਂਬਾ, ਪੰਜਾਬੀ ਵਿਭਾਗ ਮੁਖੀ ਡਾ. ਸੁਖਜਿੰਦਰ ਕੌਰ, ਪ੍ਰੋ ਨਿਰਮਲ ਬਰਾੜ, ਹੋਰ ਪ੍ਰੋਫੈਸਰ ਸਾਹਿਬਾਨ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।