- ਰੈਸ਼ਨੇਲਾਈਜੇਸ਼ਨ ਯੋਗ ਪੋਲਿੰਗ ਬੂਥਾਂ ਦੀ ਜਾਣਕਾਰੀ ਕੀਤੀ ਰਾਜਨੀਤਿਕ ਨੁਮਾਇੰਦਿਆਂ ਨਾਲ ਸਾਂਝੀ
- ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ 23 ਅਗਸਤ ਤੱਕ ਦੇ ਸਕਦੀਆਂ ਹਨ ਦਰਖਾਸਤਾਂ-ਜ਼ਿਲ੍ਹਾ ਚੋਣ ਅਫ਼ਸਰ
ਮੋਗਾ, 16 ਅਗਸਤ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਮਨੋਰਥ ਜ਼ਿਲ੍ਹਾ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ ਵੀ ਮੌਜੂਦ ਸਨ। ਸਮੂਹ ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 071-ਨਿਹਾਲ ਸਿੰਘ ਵਾਲਾ ਦੇ ਇੱਕ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਖਸਤਾ ਹਾਲਤ ਹੋਣ ਕਾਰਨ ਬਦਲਣ ਯੋਗ ਹੈ, 72- ਬਾਘਾ ਪੁਰਾਣਾ ਦੇ 8 ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਦੇ ਨਾਮ ਸਕੂਲ ਅਪਗ੍ਰੇਡ ਅਤੇ ਬਿਲਡਿੰਗ ਦੀ ਖਸਤਾ ਹਾਲਤ ਹੋਣ ਕਾਰਨ ਬਦਲਣ ਯੋਗ ਹਨ। ਇਸ ਤੋਂ ਇਲਾਵਾ 73- ਮੋਗਾ ਦੇ 15 ਪੋਲਿੰਗ ਸਟੇਸ਼ਨ ਦੀਆਂ ਬਿਲਡਿੰਗਾਂ ਦੇ ਨਾਮ ਸਕੂਲ ਅਪਗ੍ਰੇਡ ਹੋਣ ਕਾਰਨ ਬਦਲਣ ਯੋਗ ਹਨ। 74-ਧਰਮਕੋਟ ਦੇ ਸਾਰੇ ਪੋਲਿੰਗ ਸਟੇਸ਼ਨ ਸਹੀ ਹਾਲਤ ਵਿੱਚ ਹਨ। ਉਨ੍ਹਾਂ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਤੋਂ ਵਿਧਾਨ ਸਭਾ ਚੋਣ ਹਲਕਿਆਂ ਦੀ ਸਹੀ ਰੈਸ਼ਨੇਲਾਈਜੇਸ਼ਨ ਕਰਵਾਉਣ ਲਈ ਸੁਝਾਅ ਵੀ ਮੰਗੇ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਉਕਤ ਤੋਂ ਇਲਾਵਾ ਪੋਲਿੰਗ ਬੂਥ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਕੋਈ ਕੇਸ ਹੈ ਤਾਂ ਉਹ 23 ਅਗਸਤ, 2023 ਤੱਕ ਜ਼ਿਲ੍ਹਾ ਚੋਣ ਦਫ਼ਤਰ ਮੋਗਾ ਜਾਂ ਸਬੰਧਤ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਨਿੱਜੀ ਤੌਰ ਉੱਪਰ ਪਹੁੰਚ ਕੇ ਲਿਖਤੀ ਰੂਪ ਵਿੱਚ ਦਰਖਾਸਤ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ 23 ਅਗਸਤ ਤੋਂ ਬਾਅਦ ਪ੍ਰਾਪਤ ਹੋਈਆਂ ਅਰਜੀਆਂ ਤੇ ਗੌਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ ਪ੍ਰਾਪਤ ਤਜਵੀਜਾਂ ਤਹਿਤ ਜ਼ਿਲ੍ਹਾ ਦੇ ਕਿਸੇ ਵੀ ਬੂਥ ਦੀਆਂ ਵੋਟਾਂ 1500 ਤੋਂ ਵੱਧ ਨਾ ਹੋਣ ਕਾਰਨ ਜਿਲ੍ਹੇ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆ ਵਿੱਚ ਕੋਈ ਵੀ ਪੋਲਿੰਗ ਸਟੇਸ਼ਨ ਦਾ ਵਾਧਾ ਨਹੀਂ ਹੋਇਆ ਹੈ। ਇਸ ਲਈ ਪੋਲਿੰਗ ਸਟੇਸ਼ਨ ਦੀ ਗਿਣਤੀ ਪਹਿਲਾਂ ਵਾਲੀ ਹੀ ਹੈ ਜਿਵੇਂ ਕਿ ਨਿਹਾਲ ਸਿੰਘ ਵਾਲਾ ਵਿਖੇ 203, ਬਾਘਾਪੁਰਾਣਾ ਵਿੱਚ 182, ਮੋਗਾ ਵਿੱਚ 213, ਧਰਮਕੋਟ ਵਿੱਚ 206 ਭਾਵ ਜ਼ਿਲ੍ਹਾ ਮੋਗਾ ਵਿੱਚ ਕੁੱਲ 804 ਪੋਲਿੰਗ ਸਟੇਸ਼ਨ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 17 ਅਕਤੂਬਰ, 2023 ਦਿਨ ਮੰਗਲਵਾਰ ਨੂੰ, ਦਾਅਵੇ ਅਤੇ ਇਤਰਾਜ 17 ਅਕਤੂਬਰ ਤੋਂ 30 ਅਕਤੂਬਰ ਤੱਕ ਪ੍ਰਾਪਤ ਕੀਤੇ ਜਾਣਗੇ। ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 26 ਦਸੰਬਰ, 2023 ਨੂੰ ਕਰਕੇ, 5 ਜਨਵਰੀ, 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਇਸ ਕੰਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸਮਹ ਬੀ.ਐਲ.ਓ.ਜ਼ ਡੂਰ ਟੂ ਡੋਰ ਸਰਵੇ ਕਰ ਰਹੇ ਹਨ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਵੋਟਰ ਸੂਚੀਆਂ ਤਰੁੱਟੀ ਰਹਿਤ ਬਣਾਈਆਂ ਜਾ ਸਕਣ।