- ਸਿਵਲ ਸਰਜਨ ਨੇ ਕੀਤਾ ਲਾਧੂਕਾ ਆਮ ਆਦਮੀ ਕਲੀਨਿਕ ਦਾ ਦੌਰਾ
ਫਾਜ਼ਿਲਕਾ, 25 ਅਗਸਤ : ਜਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਕ ਵਿਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਟੈਸਟ ਵੀ ਮੁਫ਼ਤ ਹੋ ਰਹੇ ਹਨ ਅਤੇ ਦਵਾਈਆਂ ਵੀ ਮੁਫ਼ਤ ਮਿਲ ਰਹੀਆਂ ਹਨ। ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦੱਸਿਆ ਕਿ ਉਹ ਖੁਦ ਮੌਕੇ ਤੇ ਜਾ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈ ਰਹੇ ਹਨ ਤਾਂ ਕਿ ਜ਼ਮੀਨੀ ਪੱਧਰ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮਿਲ ਸਕਣ। ਇਸੇ ਤਹਿਤ ਹੀ ਅੱਜ ਉਨ੍ਹਾਂ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਲਾਧੂਕਾ ਦੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਵੀ ਲਿਆ ਅਤੇ ਆਮ ਆਦਮੀ ਕਲੀਨਿਕ ਵਿਖੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਮੌਜੂਦ ਸਟਾਫ ਤੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕ ਦਾ ਸ਼ੁਰੂ ਕੀਤਾ ਉਪਰਾਲਾ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਲੋਕਾਂ ਨੂੰ ਪਿੰਡ ਪੱਧਰ ਤੇ ਹੀ ਸਿਹਤ ਸੁਵਿਧਾਵਾਂ ਮਿਲ ਰਹੀਆ ਹੈ । ਉਨ੍ਹਾਂ ਦੱਸਿਆ ਕਿ ਵਿਭਾਗ ਵਲੋ ਆਮ ਆਦਮੀ ਕਲੀਨਿਕ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਕਲੀਨਿਕ ਵਿਚ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਜੋ ਟੈਸਟ ਮਰੀਜ ਦੇ ਲਿਖੇ ਜਾਂਦੇ ਹਨ ਉਨ੍ਹਾਂ ਦੇ ਖੂਨ ਦਾ ਸੈਂਪਲ ਸੰਬਧਤ ਸਟਾਫ ਵਲੋ ਲਿਆ ਜਾਂਦਾ ਹੈ ਅਤੇ ਪੇਥ ਕੇਅਰ ਲੈਬੋਰਟਰੀ ਦੇ ਸਟਾਫ ਵੱਲੋਂ ਰੋਜ਼ਾਨਾ ਦੇ ਸੈਂਪਲ ਇਕੱਠੇ ਕਰਕੇ ਟੈਸਟ ਕਰਨ ਉਪਰੰਤ ਅਗਲੇ ਦਿਨ ਮਰੀਜ਼ ਨੂੰ ਰਿਪੋਰਟ ਦਿੱਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਦੀ ਬਿਹਤਰੀ ਲਈ ਵਿਸ਼ੇਸ਼ ਧਿਆਨ ਦਿੰਦਿਆਂ ਆਮ ਆਦਮੀ ਕਲੀਨਿਕਾਂ ਦੀ ਸਿਰਜਣਾ ਕੀਤੀ ਗਈ ਹੈ, ਇਸ ਲਈ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਾ ਛੱਡੀ ਜਾਵੇ। ਡਾਕਟਰ ਬਬੀਤਾ ਨੇ ਕਿਹਾ ਕਿ ਜਿਲੇ ਦੇ ਸਾਰੇ ਆਮ ਆਦਮੀ ਕਲੀਨਿਕ ਵਿਖੇ ਲੋਕਾਂ ਨੂੰ ਲੋੜ ਅਨੁਸਾਰ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਇਲਾਜ ਲਈ ਕਿਤੇ ਹੋਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਸਟਾਫ ਵੱਲੋਂ ਪੂਰੀ ਤਨੇਦਹੀ ਨਾਲ ਡਿਊਟੀ ਨਿਭਾਉਂਦਿਆਂ ਮੁਕੰਮਲ ਤੌਰ ਤੇ ਹਾਜਰੀ ਯਕੀਨੀ ਬਣਾਈ ਜਾਵੇ ਅਤੇ ਡਿਉਟੀ ਤੋਂ ਕੋਈ ਵੀ ਗੈਰ ਹਾਜ਼ਰ ਨਾ ਪਾਇਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਲੋਕਾਂ ਨਾਲ ਵਧੀਆ ਵਤੀਰਾ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਲੀਨਿਕ ਵਿਖੇ ਦਵਾਈਆਂ ਦਾ ਸਟਾਕ ਹਰ ਵੇਲੇ ਮੌਜੂਦ ਹੋਵੇ, ਕਿਸੇ ਵੀ ਦਵਾਈ ਦੀ ਘਾਟ ਨਾ ਹੋਵੇ।