ਮਹਾਨ ਸ਼ਹੀਦਾਂ ਦੀ ਸ਼ਹਾਦਤ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ : ਬਾਵਾ

  • ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਰਕਬਾ ਭਵਨ, ਪਟਿਆਲਾ, ਕੁਰੂਕਸ਼ੇਤਰ, ਸੰਢੌਰਾ, ਪੀਰ ਬਾਬਾ ਬੁੱਧੂ ਸ਼ਾਹ ਗੁਰਦੁਆਰਾ ਵਿਖੇ ਇਤਿਹਾਸਿਕ ਅਸਥਾਨ 'ਤੇ ਸਮਾਗਮ ਵਿੱਚ ਬਾਵਾ ਨੇ ਸ਼ਿਰਕਤ ਕੀਤੀ

ਲੁਧਿਆਣਾ, 10 ਜੂਨ : ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਮਾਗਮਾਂ ਆਯੋਜਿਤ ਕੀਤੇ ਅਤੇ ਸ਼ਾਮਿਲ ਹੋਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਉਹਨਾਂ ਨਾਲ ਵੱਖ-ਵੱਖ ਸਮਾਗਮਾਂ ਵਿੱਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ ਸਿੰਘ ਉਬਰਾਏ, ਰਿਟਾ. ਆਈ.ਪੀ.ਐੱਸ ਇਕਬਾਲ ਸਿੰਘ ਗਿੱਲ, ਮਲਕੀਤ ਸਿੰਘ ਦਾਖਾ, ਕਨਵੀਨਰ ਪ੍ਰਿੰ. ਬਲਦੇਵ ਬਾਵਾ, ਜਸਵੰਤ ਸਿੰਘ ਛਾਪਾ, ਉੱਘੇ ਸਮਾਜਸੇਵੀ, ਬੈਰਾਗੀ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ, ਜਗਦੀਸ਼ ਬਾਵਾ, ਯੂਥ ਨੇਤਾ ਰਾਜਵੀਰ ਚੀਮਾ, ਉੱਘੇ ਸਮਾਜਸੇਵੀ ਡਾ. ਕਰਮਜੀਤ ਕੌਰ ਸ਼ਾਮਿਲ ਹੋਏ। ਇਸ ਸਮੇਂ ਪਟਿਆਲਾ ਚੱਪੜ ਵਿਖੇ ਹੋਏ ਬੈਰਾਗੀ ਮਹਾਂਮੰਡਲ ਪੰਜਾਬ ਦੇ ਸਮਾਗਮ ਵਿੱਚ ਡਾ. ਐੱਸ.ਪੀ. ਸਿੰਘ ਉਬਰਾਏ ਨੂੰ ਉਹਨਾਂ ਦੀ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਬਦਲੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਕ੍ਰਿਸ਼ਨ ਕੁਮਾਰ ਬਾਵਾ, ਸਤਪਾਲ ਬੈਰਾਗੀ ਅਤੇ ਇਕਬਾਲ ਸਿੰਘ ਗਿੱਲ ਨੇ ਭੇਂਟ ਕੀਤਾ। ਸੰਢੌਰਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਟ ਕੀਤੀ ਅਤੇ ਸਨਮਾਨ ਕੀਤਾ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਸੰਢੌਰਾ ਸ਼ਹਿਰ ਜੋ ਕਿ ਹਰਿਆਣਾ ਵਿੱਚ ਹੈ, ਉਸ ਦਾ ਇਤਿਹਾਸ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਇੰਦਰਜੀਤ ਸਿੰਘ ਢਿੱਲੋਂ ਪ੍ਰਧਾਨ, ਬਲਦੇਵ ਸਿੰਘ ਕਾਇਮਪੁਰ ਅਤੇ ਸ਼ਾਲਨੀ ਸ਼ਰਮਾ ਪ੍ਰਧਾਨ ਨਗਰ ਕੌਂਸਲ ਦੀ ਅਗਵਾਈ ਹੇਠ ਪੁਰਾਤਨ ਬਿਲਡਿੰਗ ਨੂੰ ਸੰਭਾਲਣਾ, ਨਵੀਂ ਬਿਲਡਿੰਗ ਤਿਆਰ ਕਰਨਾ ਸਲਾਘਾਯੋਗ ਹੈ। ਉਹਨਾਂ ਕਿਹਾ ਕਿ ਸੰਢੌਰਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਖੁਦ ਚੁੱਕ ਕੇ ਲਿਆਂਦਾ ਗਿਆ ਨਿਸ਼ਾਨ ਸਾਹਿਬ ਅੱਜ ਵੀ ਸੁਸ਼ੋਭਿਤ ਹੈ। ਇਸ ਸਮੇਂ ਬਾਵਾ ਨੇ ਬੋਲਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ 740 ਸਿੰਘਾਂ ਦੀ ਕੁਰਬਾਨੀ ਬਾਰੇ ਦੱਸਿਆ ਅਤੇ ਸ਼ਰਧਾ ਸਤਿਕਾਰ ਭੇਂਟ ਕੀਤਾ। ਇਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਦੇ ਗੁਰਦੁਆਰਾ ਸਾਹਿਬ ਜਾ ਕੇ ਬਾਵਾ ਨਤਮਸਤਕ ਹੋਏ। ਉੱਥੇ ਦੱਸਿਆ ਕਿ ਕਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਦਾ ਖਾਤਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ।