- ਮਾਲੇਰਕੋਟਲਾ ਜ਼ਿਲ੍ਹੇ 'ਚ ਸਭ ਤੋਂ ਘੱਟ ਪੈਂਡੇਂਸੀ 0.02 ਫ਼ੀਸਦੀ- ਡਾ ਪੱਲਵੀ
- 09 ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਕਰੀਬ 433 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ- ਡਾ ਪੱਲਵੀ
ਮਾਲੇਰਕੋਟਲਾ 31 ਅਗਸਤ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸਥਾਪਿਤ ਕੀਤੇ ਸੇਵਾ ਕੇਂਦਰਾਂ ਰਾਹੀਂ ਇੱਕੋ ਛੱਤ ਥੱਲੇ ਪਾਰਦਰਸ਼ੀ, ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ 09 ਸੇਵਾ ਕੇਂਦਰਾਂ ਵੱਲੋਂ 425 ਤਰ੍ਹਾਂ ਦੀਆਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮਾਲੇਰਕੋਟਲਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਬਕਾਇਆ ਫਾਈਲਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਘੱਟ ਹੈ ਅਤੇ ਲੋਕਾਂ ਦੇ ਕੰਮ ਸਰਕਾਰ ਵੱਲੋਂ ਤੈਅ ਸਮਾਂ ਹੱਦ ਅੰਦਰ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਸਰਕਾਰੀ ਸੇਵਾਵਾਂ ਬਿਹਤਰ ਤਰੀਕੇ ਨਾਲ ਪੁੱਜਦੀਆਂ ਕਰਨ ਦੇ ਨਿਰਣੇ ਅਨੁਸਾਰ ਜ਼ਿਲ੍ਹੇ ਵਿਚ ਸਾਰੇ ਵਿਭਾਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਦਫ਼ਤਰਾਂ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਅਤੇ ਸੇਵਾ ਕੇਂਦਰ ਤੇ ਜੋ ਕੋਈ ਵੀ ਸਰਕਾਰੀ ਸੇਵਾ ਲਈ ਅਰਜ਼ੀ ਦਿੰਦਾ ਹੈ ਉਸ ਦਾ ਕੰਮ ਤੈਅ ਸਮੇਂ ਵਿਚ ਹੋ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਇਕ ਸਾਲ (31 ਅਗਸਤ 2022 ਤੋਂ 30 ਅਗਸਤ 2023) ਦੇ ਆਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਇਸ ਸਮੇਂ ਦੌਰਾਨ 60 ਹਜ਼ਾਰ 516 ਅਰਜ਼ੀਆਂ ਸੇਵਾ ਕੇਂਦਰਾਂ ਵਿਖੇ ਵੱਖ ਵੱਖ ਸੇਵਾਵਾਂ ਲੈਣ ਲਈ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ ਕੇਵਲ 11 ਅਰਜ਼ੀਆਂ ਹੀ ਨਿਰਧਾਰਿਤ ਸਮਾਂ ਹੱਦ ਤੋਂ ਵੱਧ ਬਕਾਇਆ ਹਨ, ਜੋ ਕਿ 0.02 ਫ਼ੀਸਦੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਸਭ ਤੋਂ ਘੱਟ ਬਕਾਇਆ ਅਰਜ਼ੀਆਂ (ਪੈਂਡੇਂਸੀ) ਨਾਲ ਮਾਲੇਰਕੋਟਲਾ ਜ਼ਿਲ੍ਹਾ ਰਾਜ ਦੇ ਸਾਰੇ 23 ਜ਼ਿਲ੍ਹਿਆਂ ਵਿਚੋਂ ਪਹਿਲੇ ਨੰਬਰ ਤੇ ਹੈ। ਜ਼ਿਲ੍ਹਾ ਆਈ.ਟੀ.ਮੈਨੇਜਰ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 09 ਸੇਵਾ ਕੇਂਦਰ ਰਾਏਕੋਟ ਰੋਡ ਮਲੇਰਕੋਟਲਾ,ਨੇੜੇ 786 ਚੌਕ ਮਾਲੇਰਕੋਟਲਾ,ਜਮਾਲਪੁਰਾ ਰੋਡ ਮਾਲੇਰਕੋਟਲਾ, ਸੰਦੌੜ, ਜਲਵਾਣ,ਕੰਗਣਵਾਲ, ਅਹਿਮਦਗੜ੍ਹ, ਅਮਰਗੜ੍ਹ ਅਤੇ ਭੁਰਥਲਾ ਮੰਡੇਰ ਵਿਖੇ ਆਮ ਲੋਕਾਂ ਨੂੰ ਕਰੀਬ 433 ਜੀ- ਟੂ -ਸੀ (ਗੌਰਮਿੰਟ ਟੂ ਸਿਟੀਜ਼ਨ) ਸੇਵਾਵਾਂ ਅਤੇ ਕਰੀਬ 10 ਬੀ- ਟੂ- ਸੀ (ਬਿਜ਼ਨਸ ਟੂ ਸਿਟੀਜ਼ਨ) ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਹਨ ।ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਸਵੇਰੇ 09 ਤੋਂ ਸ਼ਾਮ 05 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।ਇਸ ਲਈ ਲੋਕ ਵੱਖ ਵੱਖ ਸਰਕਾਰੀ ਸੇਵਾਵਾਂ ਲੈਣ ਲਈ ਆਪਣੇ ਨੇੜੇ ਦੇ ਸੇਵਾ ਕੇਂਦਰ ਵਿਖੇ ਰਾਬਤਾ ਕਰ ਸਕਦੇ ਹਨ।