- ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਵਿਭਾਗ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਪੁਰਸਕਾਰ ਪ੍ਰਤੀ ਜਾਗਰੂਕ ਕਰਨ ਦੇ ਨਿਰਦੇਸ਼ ਜਾਰੀ
ਮੋਗਾ, 16 ਅਗਸਤ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਆਖਰੀ ਮਿਤੀ 31 ਜੁਲਾਈ ਤੋਂ ਵਧਾ ਕੇ 31 ਅਗਸਤ 2023 ਕਰ ਦਿੱਤੀ ਹੈ। ਇਸ ਪੁਰਸਕਾਰ ਲਈ ਅਰਜ਼ੀਆਂ ਦੀ ਪ੍ਰਕਿਰਿਆ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in/ 'ਤੇ ਚਾਲੂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਰਦਿਆਂ ਦੱਸਿਆ ਕਿ ਇਹ ਪੁਰਸਕਾਰ ਬਹਾਦਰੀ, ਖੇਡਾਂ, ਸਮਾਜ ਸੇਵਾ, ਵਿਗਿਆਨ/ਟੈਕਨੋਲੋਜੀ, ਵਾਤਾਵਰਨ, ਕਲਾ, ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਦੀ ਪ੍ਰਾਪਤੀ ਲਈ ਮੁਹੱਈਆ ਕਰਵਾਏ ਜਾਂਦੇ ਹਨ। ਕੋਈ ਵੀ ਬੱਚਾ ਜੋ ਇੱਕ ਭਾਰਤੀ ਨਾਗਰਿਕ ਹੈ ਅਤੇ 18 ਸਾਲ ਤੋਂ ਵੱਧ ਉਮਰ ਦਾ ਨਹੀਂ ਹੈ ਪੁਰਸਕਾਰ ਲਈ ਆਨਲਾਈਨ ਅਰਜੀ ਦੇ ਸਕਦਾ ਹੈ। ਕੋਈ ਹੋਰ ਵਿਅਕਤੀ ਵੀ ਪੁਰਸਕਾਰ ਲਈ ਯੋਗ ਬੱਚੇ ਨੂੰ ਨਾਮਜ਼ਦ ਕਰ ਸਕਦਾ ਹੈ। ਇਹ ਪੁਰਸਕਾਰ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਇੱਕੋ ਇੱਕ ਰਾਸ਼ਟਰੀ ਪੱਧਰ ਦਾ ਬਾਲ ਪੁਰਸਕਾਰ ਹੈ ਇਸ ਲਈ ਡਿਪਟੀ ਕਮਿਸ਼ਨਰ ਨੇ ਸਕੂਲ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਜਾਂ ਹੋਰ ਵਿਭਾਗਾਂ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆਂ ਨਾਲ ਜੁੜੇ ਹੋਏ ਹਨ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਇਸ ਐਵਾਰਡ ਲਈ ਵੱਧ ਤੋਂ ਵੱਧ ਬੱਚਿਆਂ ਵਿੱਚ ਜਾਗਰੂਕਤਾ ਫੈਲਾਈ ਜਾਵੇ ਅਤੇ ਯੋਗ ਬੱਚਿਆਂ ਨੂੰ ਇਸ ਐਵਾਰਡ ਲਈ ਅਪਲਾਈ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਪੁਰਸਕਾਰ ਲਈ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਵਧੇਰੀ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ, ਬਲਾਕ ਬਿਆਸ, ਕਮਰਾ ਨੰ 2, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਬਾਇਲ ਨੰ 95018 22488 ਤੇ ਸੰਪਰਕ ਕੀਤਾ ਜਾ ਸਕਦਾ ਹੈ