- ਸਿਹਤ ਵਿਭਾਗ ਦੀ ਟੀਮ ਵੀ ਪਿੰਡ ਪੁੱਜੀ
- ਪੂਰੀ ਤਰਾਂ ਸਾਫ ਕਰਨ ਤੋਂ ਬਾਅਦ ਪਾਣੀ ਦੀ ਜਾਂਚ ਕਰਵਾ ਕੇ ਹੀ ਦਿੱਤੀ ਜਾਵੇਗੀ ਪਾਣੀ ਦੀ ਸਪਲਾਈ
ਅਬੋਹਰ, 28 ਅਗਸਤ : ਅਬੋਹਰ ਉਪਮੰਡਲ ਦੇ ਪਿੰੰਡ ਕੁੰਡਲ ਵਿਚ ਵਾਟਰ ਵਰਕਸ ਦੇ ਪਾਣੀ ਵਿਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਹਿਰੀਲੀ ਵਸਤੂ ਪਾਉਣ ਦੀ ਸੂਚਨਾ ਮਿਲਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੱਲੋਂ ਪਿੰਡ ਦੇ ਵਾਟਰ ਵਰਕਸ ਨੂੰ ਖਾਲੀ ਕਰਵਾਉਣ ਦੇ ਨਾਲ ਨਾਲ ਲੋਕਾਂ ਦੇ ਘਰਾਂ ਵਿਚ ਸਟੋਰ ਕੀਤਾ ਪਾਣੀ ਦੀ ਵਰਤੋਂ ਨਾ ਕਰਨ ਲਈ ਵੀ ਸਮੂਹ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੀਆਂ ਟੀਮਾ ਨੂੰ ਘਰ ਘਰ ਭੇਜਿਆ ਗਿਆ ਹੈ। ਇਸੇ ਤਰਾਂ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਅਨਸਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਵਿਭਾਗ ਹੁਣ ਵਾਟਰ ਵਰਕਸ ਦੇ ਟੈਂਕਾਂ ਅਤੇ ਪਾਣੀ ਦੀ ਸਪਲਾਈ ਵਾਲੀਆਂ ਪਾਇਪਾਂ ਦੀ ਸੁਪਰ ਕਲੋਰੀਨੇਸ਼ਨ ਨਾਲ ਸਫਾਈ ਕਰ ਰਿਹਾ ਹੈ। ਇਸ ਤੋਂ ਬਾਅਦ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਸਤੋਂ ਬਾਅਦ ਹੀ ਲੋਕਾਂ ਨੂੰ ਪਾਣੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।