ਵਾਤਾਵਰਣ ਪੱਖੀ ਕਿਸਾਨਾਂ ਤੇ ਸੰਸਥਾਵਾਂ ਦਾ ਨੇਕ ਕੰਮਾਂ ਲਈ ਸਰਕਾਰ ਦਾ ਰਹੇਗਾ ਸਹਿਯੋਗ : ਸੰਧਵਾਂ

ਕੋਟਕਪੂਰਾ : ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਬਠਿੰਡਾ, ਮਾਨਸਾ, ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ ਆਦਿ ਜਿਲਿਆਂ ਤੋਂ ਆਏ ਵਾਤਾਵਰਣ ਪ੍ਰੇਮੀ ਅਤੇ ਨਾੜ/ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤਪੱਖੀ ਕਿਸਾਨਾਂ ਅਤੇ ਨਿੱਜੀ ਜਾਂ ਪੰਚਾਇਤੀ ਜਮੀਨਾਂ ਵਿੱਚ ਜੰਗਲ ਲਾਉਣ ਵਾਲਿਆਂ ਦੇ ਵਿਸ਼ੇਸ਼ ਸਨਮਾਨ ਲਈ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਫਰੀਦਕੋਟ ਅਤੇ ਫਰੀ ਪਲਾਂਟਟੇਸ਼ਨ ਬਠਿੰਡਾ ਵਲੋਂ ਗੁਰਦੁਆਰਾ ਪਾਤਸ਼ਾਹੀ ਸਤਵੀਂ ਹਰਿਰਾਏਪੁਰ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਸ਼ੇਸ਼ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਵਿਸ਼ੇਸ਼ ਤੌਰ ਸ਼ਾਮਲ ਹੋਏ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਫਰੀ ਪਲਾਂਟਟੇਸ਼ਨ ਬਠਿੰਡਾ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਦੇ ਯਤਨ ਕਰ ਰਹੀਆਂ ਹਨ। ਵਾਤਾਵਰਣ ਦੀ ਸੰਭਾਲ ’ਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਸਿਰਫ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਨ। ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰੇਗੀ। ਪੰਜਾਬ ਦੇ ਵਾਤਾਵਰਣ ਨੂੰ ਸੰਭਾਲ ਲਈ ਇਹੋ ਜਿਹੇ ਸਾਰਥਕ ਕਾਰਜਾਂ ਦੀ ਬਹੁਤ ਲੋੜ ਹੈ। ਇਸ ਮੌਕੇ ਸ੍ਰ. ਸੰਧਵਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਆਪਣੇ ਹੱਥੀਂ ਪੌਦੇ ਵੀ ਲਾਏ ਅਤੇ ਵਾਤਾਵਰਨ ਪ੍ਰੇਮੀ ਤੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ 300 ਵਾਤਾਵਰਨ ਪ੍ਰੇਮੀਆਂ ਦਾ ਪ੍ਰਸੰਸਾ ਪੱਤਰ ਅਤੇ ਇੱਕ-ਇੱਕ ਪੌਦਾ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕਨਵੀਨਰ ਨਰੋਆ ਪੰਜਾਬ ਮੰਚ, ਕੋਆਰਡੀਨੇਟਰ ਪੰਜਾਬ ਵਾਤਾਵਰਨ ਚੇਤਨਾ ਲਹਿਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪੰਜਾਬ ਦੇ ਵਾਤਾਵਰਣ ਪ੍ਰਤੀ ਫਿਕਰਮੰਦੀ ਜਾਹਰ ਕਰਦਿਆਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਸਿਰਫ 16 ਸਾਲਾਂ ਦਾ ਬਾਕੀ ਰਹਿ ਗਿਆ ਹੈ, ਪੰਜਾਬ ’ਚ ਜੰਗਲਾਤ ਅਰਥਾਤ ਰੁੱਖਾਂ ਦੀ ਗਿਣਤੀ 33% ਤੋਂ ਘੱਟ ਕੇ ਮਹਿਜ 3.67% ਬਚੀ ਹੈ, ਮਾੜੇ ਵਾਤਾਵਰਨ ਕਰਕੇ ਪੰਜਾਬੀਆਂ ਦੀ ਸਿਹਤ ਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਤੇਜੀ ਨਾਲ ਵੱਧ ਰਹੇ ਹਨ, ਪੰਜਾਬ ਦੀ ਧਰਤੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਇਸ ਲਈ ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਜਿੰਮੇਵਾਰੀ ਵੀ ਹੈ। ਇੰਜ. ਜਸਕੀਰਤ ਸਿੰਘ ਲੁਧਿਆਣਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਯੋਧੇ ਦੱਸਦਿਆਂ ਕਿਹਾ ਕਿ ਇਨਾਂ ’ਤੇ ਜ਼ਰੂਰ ਬਾਬੇ ਨਾਨਕ ਦੀ ਕਿ੍ਰਪਾ ਹੋਈ ਹੈ। ਉਨਾਂ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਹੋਣ ਬਾਰੇ ਨੁਕਸਾਨ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਤਾਂ ਘੱਟਦੀ ਹੀ ਹੈ, ਸਗੋਂ ਇਸ ਨਾਲ ਖੁਦ, ਪਰਿਵਾਰ ਅਤੇ ਸਮਾਜ ਨੂੰ ਪ੍ਰਦੂਸ਼ਨ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੌਕਤ ਅਹਿਮਦ ਪਰੇ ਨੇ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਘੱਟ ਖਰਚੇ ਨਾਲ ਵੱਧ ਪੈਦਾਵਾਰ ਪ੍ਰਾਪਤ ਕਰ ਸਕਦੇ ਹਾਂ। ਉਨਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕਦੇ ਹਾਂ। ਫਰੀ ਪਲਾਂਟਟੇਸ਼ਨ ਬਠਿੰਡਾ ਦੇ ਆਗੂ ਮਨਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਕੋਟਕਪੂਰਾ ਨੇ ਸਾਰਿਆਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਉਕਤ ਸੰਸਥਾਵਾਂ ਤੋ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਨ ਸਹਿਯੋਗ ਦਿੱਤਾ, ਇਸ ਸਨਮਾਨ ਸਮਾਰੋਹ ’ਚ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਵੱਖ ਵੱਖ ਜਿਲਿਆ ਦੇ ਮੁੱਖ ਖੇਤੀਬਾੜੀ ਅਫਸਰ ਸਾਹਿਬਾਨ ਅਤੇ ਵਣ ਰੇਂਜ ਅਫਸਰ ਤੋਂ ਇਲਾਵਾ ਜਗਸੀਰ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਕੋਟਕਪੂਰਾ, ਮਨਪ੍ਰੀਤ ਸਿੰਘ ਧਾਲੀਵਾਲ, ਰਜਿੰਦਰ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ, ਜਸਵੀਰ ਸਿੰਘ ਜੱਸਾ, ਗਗਨਜੋਤ ਸਿੰਘ ਬਰਾੜ, ਮਾ. ਹਰਦੀਪ ਸਿੰਘ ਕੋਟਕਪੂਰਾ ਆਦਿ ਵੀ ਹਾਜਰ ਸਨ।