ਲੌਂਗੋਵਾਲ, 23 ਅਗਸਤ : ਬੀਤੇ ਦਿਨੀਂ ਲੌਂਗੋਵਾਲ ‘ਚ ਕਿਸਾਨਾਂ ਅਤੇ ਪੁਲਿਸ ਦੀ ਝੜਪ ‘ਚ ਹੋਈ ਇੱਕ ਕਿਸਾਨ ਦੀ ਮੌਤ ਅਤੇ ਪੁਲਿਸ ਵੱਲੋਂ 18 ਕਿਸਾਨਾਂ ਤੇ 35 ਅਣਪਛਾਤਿਆਂ ਤੇ ਦਰਜ ਕੀਤੇ ਕੇਸ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਵਿੱਚ ਭਾਰੀ ਰੋਸ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ, ਪਰ ਅੱਜ ਸ਼ਾਮ ਸਮੇਂ ਕਿਸਾਨ ਯੂਨੀਅਨਾਂ ਤੇ ਪ੍ਰਸ਼ਾਸ਼ਨ ਨਾਲ ਸਹਿਮਤੀ ਬਣ ਗਈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਸਵਿੰਦਰ ਸਿੰਘ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਸੰਗਰੂਰ ਵਿੱਚ ਕਿਸਾਨ ਆਗੂਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵiੱਚ ਆਈਜੀ ਐਮਐਸ ਛੀਨਾ ਵੀ ਹਾਜ਼ਰ ਹੋਏ ਸਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਿਸੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਕਿਸਾਨਾਂ ਤੇ ਦਰਜ ਕੀਤੇ ਮਾਮਲੇ ਰੱਦ ਕੀਤੇ ਜਾਣਗੇ। ਹਿਰਾਸਤ ਵਿੱਚ ਲਏ ਕਿਸਾਨ ਰਿਹਾਅ ਕੀਤੇ ਜਾਣਗੇ ਅਤੇ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੁੰ 10 ਲੱਖ ਦਾ ਮੁਆਵਜਾ ਤੇ ਇੱਕ ਮੈਂਬਰ ਨੁੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਦੇ ਵਾਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਸੂਬਾ ਸਰਕਾਰ ਕਰੇਗੀ ਅਤੇ ਜਖ਼ਮੀਆਂ ਨੁੰ 2 ਲੱਖ ਰੁਪੈ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 16 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਧਰਨਾ ਜਾਰੀ ਰਹੇਗਾ ਤਾਂ ਜੋ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਦੇ ਦਬਾਅ ਬਣਾਇਆ ਜਾ ਸਕੇ।