- ਸਾਰੇ ਵਿਭਾਗਾਂ ਨੂੰ ਆਪਣੀ ਲੋੜ ਅਨੁਸਾਰ ਬੂਟਿਆਂ ਦੀ ਮੰਗ ਸਬੰਧੀ ਸੂਚੀਆਂ ਭੇਜਣ ਦੇ ਨਿਰਦੇਸ਼
ਬਰਨਾਲਾ, 27 ਜੂਨ 2024 : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਮੌਨਸੂਨ ਦੌਰਾਨ ਜ਼ਿਲ੍ਹਾ ਬਰਨਾਲਾ 'ਚ ਹਰਿਆਵਲ ਵਧਾਉਣ ਲਈ ਵੱਡੇ ਪੱਧਰ ਉੱਤੇ ਹਰ ਇਕ ਖਾਲੀ ਸਰਕਾਰੀ ਥਾਂ 'ਚ ਬੂਟੇ ਲਗਾਏ ਜਾਣੇ ਹਨ ਜਿਸ ਤਹਿਤ ਸਾਰੇ ਸਰਕਾਰੀ ਵਿਭਾਗਾਂ ਆਪਣੇ ਟੀਚੇ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਜਮਾਂ ਕਰਵਾਉਣ। ਲੋੜ ਅਨੁਸਾਰ ਪੌਦੇ ਜੰਗਲਾਤ ਵਿਭਾਗ ਵੱਲੋਂ ਸਬੰਧਿਤ ਵਿਭਾਗਾਂ ਨੂੰ ਦਿੱਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਪੌਦੇ ਲਗਾਉਣ ਦੀ ਮੁਹਿੰਮ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰ ਇਕ ਵਿਭਾਗ ਵੱਲੋਂ ਆਪਣੇ ਆਪਣੇ ਖੇਤਰ ਅਧੀਨ ਆਉਂਦੀਆਂ ਖਾਲੀ ਥਾਵਾਂ ਉੱਤੇ ਪੌਦੇ ਲਗਾਏ ਜਾਣਗੇ ਅਤੇ ਨਾਲ ਹੀ ਉਨ੍ਹਾਂ ਦੀ ਦੇਖ ਰੇਖ ਕੀਤੀ ਜਾਵੇਗੀ। ਇਨ੍ਹਾਂ ਪੌਦਿਆਂ ਦੀ ਜੀਓ ਟੈਗਿੰਗ ਵੀ ਕੀਤੀ ਜਾਵੇਗੀ ਤਾਂ ਜੋ ਸਮੇਂ - ਸਮੇਂ ਅਨੁਸਾਰ ਇਸ ਦੇ ਵਿਕਾਸ ਨੂੰ ਦਰਜ ਕੀਤਾ ਜਾ ਸਕੇ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਕਿਸਾਨਾਂ ਵੱਲੋਂ ਮੰਗ ਅਨੁਸਾਰ ਸੂਚੀਆਂ ਡੀ ਸੀ ਦਫ਼ਤਰ ਵਿਖੇ ਭੇਜਣ। ਇਸੇ ਤਰ੍ਹਾਂ ਉਪ ਮੰਡਲ ਮੈਜਿਸਟ੍ਰੇਟਾਂ, ਪੁਲਿਸ ਵਿਭਾਗ, ਬਿਜਲੀ ਵਿਭਾਗ, ਪੰਜਾਬ ਟਿਯੂਬਵੈੱਲ ਕਾਰਪੋਰੇਸ਼ਨ, ਭੂਮੀ ਰੱਖਿਆ ਵਿਭਾਗ, ਸਕੂਲੀ ਸਿਖਿਆ ਵਿਭਾਗ, ਜਲ ਸਪਲਾਈ ਆਦਿ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਕਾਰਜ ਖੇਤਰ 'ਚ ਖਾਲੀ ਪੈ ਥਾਵਾਂ ਅਨੁਸਾਰ ਆਪਣੀਆਂ ਲਿਸਟਾਂ ਜਲਦ ਤੋਂ ਜਲਦ ਜਮਾਂ ਕਰਵਾਉਣ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸਤਵੰਤ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਅਤੇ ਹੋਰ ਅਫਸਰ ਤੇ ਕਰਮਚਾਰੀ ਮੌਜੂਦ ਸਨ।