- ਬਲਾਕ ਸ਼ਹਿਣਾ ਦੀਆਂ ਖੇਡਾਂ 31 ਅਗਸਤ ਤੋਂ 2 ਸਤੰਬਰ, ਬਲਾਕ ਬਰਨਾਲਾ 4 ਤੋਂ 6 ਸਤੰਬਰ, ਬਲਾਕ ਮਹਿਲ ਕਲਾਂ ਦੇ ਮੁਕਾਬਲੇ 7 ਤੋਂ 9 ਸਤੰਬਰ ਤੱਕ ਚੱਲਣਗੇ
ਬਰਨਾਲਾ, 29 ਅਗਸਤ : 'ਖੇਡਾਂ ਵਤਨ ਪੰਜਾਬ ਦੀਆਂ 2023' ਅਧੀਨ ਜ਼ਿਲ੍ਹਾ ਬਰਨਾਲਾ ਵਿੱਚ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਹਿਲੇ ਪੜਾਅ ਵਿੱਚ ਬਲਾਕ ਪੱਧਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਉਮੇਸ਼ਵਰੀ ਸ਼ਰਮਾ ਦੇ ਦੱਸਿਆ ਕਿ ਬਲਾਕ ਸ਼ਹਿਣਾ ਦੀਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਰੱਸਾਕਸ਼ੀ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਅਤੇ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਪਬਲਿਕ ਸਟੇਡੀਅਮ, ਭਦੌੜ ਵਿਖੇ 31 ਅਗਸਤ ਤੋਂ 2 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਫੁੱਟਬਾਲ ਅਤੇ ਖੋ-ਖੋ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਖੇ ਕਰਵਾਏ ਜਾਣਗੇ। ਬਲਾਕ ਬਰਨਾਲਾ ਦੀਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਖੋ-ਖੋ ਅਤੇ ਰੱਸਾਕਸ਼ੀ ਦੇ ਖੇਡ ਮੁਕਾਬਲੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ 4 ਤੋਂ 6 ਸਤੰਬਰ ਤੱਕ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਦੇ ਖੇਡ ਮੁਕਾਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ, ਬਡਬਰ ਵਿਖੇ 4 ਤੋਂ 6 ਸਤੰਬਰ ਤੱਕ, ਗੇਮ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਦੇ ਖੇਡ ਮੁਕਾਬਲੇ ਪੱਕਾ ਬਾਗ ਖੇਡ ਸਟੇਡੀਅਮ, ਧਨੌਲਾ ਵਿਖੇ 4 ਤੋਂ 6 ਸਤੰਬਰ ਤੱਕ ਅਤੇ ਗੇਮ ਫੁੱਟਬਾਲ ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਕਾਲੇਕੇ ਵਿਖੇ 4 ਤੋਂ 6 ਸਤੰਬਰ ਤੱਕ ਕਰਵਾਏ ਜਾਣਗੇ। ਬਲਾਕ ਮਹਿਲ ਕਲਾਂ ਦੀਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਖੋ-ਖੋ ਅਤੇ ਰੱਸਾਕਸ਼ੀ ਦੇ ਖੇਡ ਮੁਕਾਬਲੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ 7 ਤੋਂ 9 ਸਤੰਬਰ ਤੱਕ, ਗੇਮ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਦੇ ਖੇਡ ਮੁਕਾਬਲੇ ਪੱਕਾ ਬਾਗ ਖੇਡ ਸਟੇਡੀਅਮ, ਧਨੌਲਾ ਵਿਖੇ 7 ਤੋਂ 9 ਸਤੰਬਰ ਤੱਕ, ਗੇਮ ਫੁੱਟਬਾਲ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ਹੀਦ ਬੀਬੀ ਕਿਰਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਹਿਲ ਕਲਾ ਵਿਖੇ 7 ਤੋਂ 9 ਸਤੰਬਰ ਤੱਕ ਅਤੇ ਗੇਮ ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਦੇ ਖੇਡ ਮੁਕਾਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ, ਬਡਬਰ ਵਿਖੇ 7 ਤੋਂ 9 ਸਤੰਬਰ ਤੱਕ ਕਰਵਾਏ ਜਾਣਗੇ। ਇਹ ਬਲਾਕ ਪੱਧਰੀ ਖੇਡ ਮੁਕਾਬਲੇ (ਲੜਕੇ-ਲੜਕੀਆਂ) ਅੰਡਰ 14, ਅੰਡਰ 17, ਅੰਡਰ 21, 21 ਤੋਂ 30 ਸਾਲ, 31 ਤੋਂ 40, 41 ਤੋਂ 55, 56 ਤੋਂ 65 ਸਾਲ ਅਤੇ 65 ਤੋਂ ਉਪਰ ਉਮਰ ਵਰਗ ਵਿੱਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ-ਖਿਡਾਰਣਾਂ ਉਪਰੋਕਤ ਮਿਤੀਆਂ ਨੂੰ ਸਵੇਰੇ 9 ਵਜੇ ਸਬੰਧਤ ਸਥਾਨ ਉਪਰ ਰਿਪੋਰਟ ਕਰਨ।