ਫ਼ਤਹਿਗੜ੍ਹ ਸਾਹਿਬ, 23 ਅਗਸਤ : ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪਿੰਡ ਭਗੜਾਣਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ: ਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਇਆ ਜਾਵੇ ਕਿਉਂਕਿ ਅਜਿਹਾ ਕਰਨਾ ਲਾਹੇਵੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਕਈ ਤਰ੍ਹਾਂ ਦੇ ਸੂਖਮ ਤੱਤਾਂ ਦੀ ਪੂਰਤੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਉਪਰ ਸਪਰੇਅ ਕਰਨ ਲਈ ਵਰਤੇ ਜਾਂਦੇ 10 ਕੀਟ ਨਾਸ਼ਕਾਂ ਤੇ ਰੋਕ ਲਗਾ ਦਿੱਤੀ ਗਈ ਹੈ, ਇਸ ਲਈ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਰਾਂ ਦੀ ਰਾਏ ਅਨੁਸਾਰ ਹੀ ਫਸਲਾਂ ਤੇ ਕੀੜੇ ਮਕੌੜਿਆਂ ਜਾਂ ਬਿਮਾਰੀਆਂ ਦੀ ਰੋਕਥਾਮ ਲਈ ਬੈਨ ਕੀਤੇ ਕੀਟ ਨਾਸ਼ਕਾਂ ਦੀ ਥਾਂ ਬਜਾਰ ਵਿੱਚ ਮੌਜੂਦ ਕੀਟ ਨਾਸ਼ਕਾਂ ਦਾ ਸਪਰੇਅ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਝੌਨੇ ਦੀ ਫਸਲ ਲਈ ਬੈਨ ਕੀਤੇ ਕੀਟ ਨਾਸ਼ਕਾਂ ਦੀ ਕਿਸੇ ਹੋਰ ਫਸਲ ਲਈ ਵਿਕਰੀ ਕਰਦਾ ਹੈ ਤਾਂ ਉਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਬਿਲ ਜਾਂ ਕੈਸ਼ ਮੀਮੋ ਉਪਰ ਫਸਲ ਦਾ ਨਾਮ, ਜਿਸ ਤੇ ਸਪਰੇਅ ਕੀਤੀ ਜਾਣੀ ਹੈ, ਜਰੂਰ ਹੋਣਾ ਚਾਹੀਦਾ ਹੈ। ਇਸ ਮੌਕੇ ਖੇਤੀਬਾੜੀ ਅਫਸਰ ਖੇੜਾ ਸ਼੍ਰੀ ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਲੋੜ ਅਨੁਸਾਰ ਦਵਾਈਆਂ ਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਵਿੱਚ ਵੱਖ-ਵੱਖ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਵੱਖ-ਵੱਖ ਕੀਟ ਨਾਸ਼ਕਾਂ ਦਾ ਬਦਲ ਕੇ ਸਪਰੇਅ ਕਰਨ ਨਾਲ ਵਧੀਆ ਨਤੀਜੇ ਮਿਲਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕੀਟ ਨਾਸ਼ਕਾਂ ਦੀ ਵਰਤੋਂ ਕਿਸਾਨਾਂ ਨੇ ਪਿਛਲੇ ਸਾਲ ਕੀਤੀ ਹੋਵੇ ਉਸ ਦੀ ਵਰਤੋਂ ਇਸ ਸਾਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਸਪਰੇਅ ਕਰਨ ਲਈ ਪਾਣੀ ਦੀ ਮਾਤਰਾ ਅਤੇ ਸਹੀ ਨੋਜ਼ਲ ਦੀ ਚੋਣ ਕਰਨ ਤੇ ਵੀ ਜ਼ੋਰ ਦਿੱਤਾ। ਜ਼ਿਲ੍ਹਾ ਸਿਖਲਾਈ ਅਫਸਰ ਸ਼੍ਰੀ ਰੰਗੀਲ ਸਿੰਘ ਨੇ ਕਿਸਾਨਾਂ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ। ਜਦੋਂ ਕਿ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਸ਼੍ਰੀ ਜਤਿੰਦਰ ਸਿੰਘ ਨੇ ਕਿਸਾਨਾਂ ਨੂੰ ਆਤਮਾ ਸਕੀਮ ਬਾਰੇ ਅਤੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਸਹਾਇਕ ਧੰਦੇ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਖੇਤੀਬਾੜੀ ਵਿਕਾਸ ਅਫਸਰ ਖੇੜਾ ਸ਼੍ਰੀ ਪੁਨੀਤ ਕੁਮਾਰ ਨੇ ਝੋਨੇ ਦੀ ਫਸਲ ਤੇ ਵੱਖ-ਵੱਖ ਬਿਮਾਰੀਆਂ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਨਰਾਇਣ ਰਾਮ ਨੇ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਖੇਤੀਬਾੜੀ ਵਿਭਾਗ ਵੱਲੋਂ ਲਗਾਏ ਇਸ ਕੈਂਪ ਦੀ ਪਿੰਡ ਦੇ ਸਰਪੰਚ ਸ਼੍ਰੀ ਗੁਰਵਿੰਦਰ ਸਿੰਘ ਨੇ ਸ਼ਲਾਘਾ ਕੀਤੇ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਏ.ਟੀ.ਐਮ. ਰਾਜਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜਰ ਸਨ।